ਹੰਗਰੀ ''ਚ ਭਾਰਤੀ ਮਹਿਲਾ ਪਹਿਲਵਾਨਾਂ ਦਾ ਦਿਖੇਗਾ ਦਮ
Saturday, Jun 30, 2018 - 01:26 PM (IST)

ਲਖਨਊ— ਹੰਗਰੀ 'ਚ 20 ਤੋਂ 28 ਅਕਤੂਬਰ ਤੱਕ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨ ਦੇ ਲਈ 10 ਵਜ਼ਨ ਵਰਗਾਂ 'ਚੋਂ ਅੱਠ ਮਹਿਲਾ ਪਹਿਲਵਾਨਾਂ ਨੂੰ ਟਿਕਟ ਮਿਲ ਗਿਆ ਹੈ। ਇਸ 'ਚ ਕੁਸ਼ਤੀ ਦੀ ਸਨਸਨੀ ਕਹੀ ਜਾਣ ਵਾਲੀ ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਪੂਜਾ ਢਾਂਢਾ 57 ਕਿਲੋਗ੍ਰਾਮ ਅਤੇ ਰੇਲਵੇ ਦੀ ਰਿਤੁ ਮਲਿਕ 65 ਕਿਲੋਗ੍ਰਾਮ 'ਚ ਸ਼ਾਮਲ ਹਨ। ਭਾਰਤੀ ਟੀਮ ਦੇ ਪਹਿਲਵਾਨਾਂ ਦਾ ਐਲਾਨ ਸਾਈ ਸੈਂਟਰ 'ਚ ਹੋਏ ਓਪਨ ਟ੍ਰਾਇਲ ਦੇ ਬਾਅਦ ਕੀਤਾ ਗਿਆ। ਅਗਸਤ 'ਚ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਲਈ ਭਾਰਤੀ ਟੀਮ 'ਚ ਸ਼ਾਮਲ ਕੀਤੀ ਗਈ ਪਿੰਕੀ, ਪੂਜਾ ਢਾਂਢਾ, ਦਿਵਿਆ ਕਾਕਰਾਨ ਅਤੇ ਕਿਰਨ ਵਿਸ਼ਵ ਵਿਸ਼ਵ ਚੈਂਪੀਅਨ ਦੀ ਟੀਮ 'ਚ ਸ਼ਾਮਲ ਹਨ। ਟਰਾਇਲ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ ਹੋਰ ਚੋਣਕਰਤਾਵਾਂ ਦੇ ਸਾਹਮਣੇ ਹੋਇਆ।
ਵਿਸ਼ਵ ਚੈਂਪੀਅਨਸ਼ਿਪ 'ਚ 10 ਭਾਰ ਵਰਗਾਂ 'ਚ ਭਾਰਤੀ ਮਹਿਲਾ ਪਹਿਲਵਾਨ ਚੁਣੌਤੀ ਪੇਸ਼ ਕਰਨਗੀਆਂ। ਇਸ 'ਚ ਅੱਠ ਪਹਿਲਵਾਨਾਂ ਦੇ ਨਾਂ ਐਲਾਨੇ ਗਏ ਹਨ। 50 ਕਿਲੋਗ੍ਰਾਮ ਭਾਰ ਵਰਗ 'ਚ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਵਿਨੇਸ਼ ਫੋਗਾਟ ਅਤੇ 59 ਕਿਲੋਗ੍ਰਾਮ ਭਾਰ ਵਰਗ 'ਚ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਟ੍ਰਾਇਲ ਤੋਂ ਛੂਟ ਦਿੱਤੀ ਗਈ ਸੀ। ਇਨ੍ਹਾਂ ਦਾ ਟ੍ਰਾਇਲ ਹੁਣ ਏਸ਼ੀਆਈ ਖੇਡਾਂ ਦੇ ਬਾਅਦ ਹੋਵੇਗਾ। ਵਿਨੇਸ਼ ਫੋਗਾਟ ਨੂੰ ਰਿਤੁ ਫੋਗਾਟ ਨਾਲ ਅਤੇ ਸਾਕਸ਼ੀ ਮਲਿਕ ਨੂੰ ਸੰਗੀਤਾ ਫੋਗਾਟ ਨਾਲ ਮੁਕਾਬਲਾ ਕਰਨਾ ਹੋਵੇਗਾ। ਜਿੱਤਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਪੇਸ਼ ਕਰੇਗੀ।
ਚੁਣੀ ਗਈ ਟੀਮ :
ਪਿੰਕੀ (53 ਕਿਲੋਗ੍ਰਾਮ, ਦਿੱਲੀ), ਸੀਮਾ (55 ਕਿਲੋਗ੍ਰਾਮ, ਹਰਿਆਣਾ), ਪੂਜਾ ਢਾਂਢਾ (57 ਕਿਲੋਗ੍ਰਾਮ, ਹਰਿਆਣਾ), ਸਰਿਤਾ (62 ਕਿਲੋਗ੍ਰਾਮ, ਰੇਲਵੇ), ਰਿਤੂ ਮਲਿਕ (65 ਕਿਲੋਗ੍ਰਾਮ, ਰੇਲਵੇ), ਦਿਵਿਆ ਕਾਕਰਾਨ (68 ਕਿਲੋਗ੍ਰਾਮ, ਉੱਤਰ ਪ੍ਰਦੇਸ਼), ਰਜਨੀ (72 ਕਿਲੋਗ੍ਰਾਮ, ਉੱਤਰ ਪ੍ਰਦੇਸ਼), ਕਿਰਨ (76 ਕਿਲੋਗ੍ਰਾਮ, ਰੇਲਵੇ)।