ਭਾਰਤੀ ਗੇਂਦਬਾਜ਼ਾਂ ਨੇ ਦੌੜਾਂ ਲਈ ਤਰਸਾਏ ਕੀਵੀ

07/10/2019 11:15:31 AM

ਮਾਨਚੈਸਟਰ— ਭਾਰਤੀ ਗੇਂਦਬਾਜ਼ਾਂ ਨੇ ਕੱਸੀ ਹੋਈ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰ ਕੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਇਥੇ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ ਤੇ ਮੀਂਹ ਕਾਰਣ ਜਦੋਂ 46.1 ਓਵਰਾਂ ਵਿਚ ਖੇਡ ਰੁਕੀ, ਉਦੋਂ ਕੀਵੀ ਟੀਮ 5 ਵਿਕਟਾਂ 'ਤੇ 211 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ। ਕੇਨ ਵਿਲੀਅਮਸਨ (95 ਗੇਂਦਾਂ 'ਤੇ 67 ਦੌੜਾਂ) ਨੇ ਹੈਨਰੀ ਨਿਕੋਲਸ (51 ਗੇਂਦਾਂ 'ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 68 ਤੇ ਰੋਸ ਟੇਲਰ (ਅਜੇਤੂ 67) ਨਾਲ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ ਪਰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਮੇਂ 'ਤੇ ਵਿਕਟਾਂ ਕੱਢੀਆਂ। ਜਸਪ੍ਰੀਤ ਬੁਮਰਾਹ (25 ਦੌੜਾਂ 'ਤੇ 1 ਵਿਕਟ) ਤੇ ਭੁਵਨੇਸ਼ਵਰ ਕੁਮਾਰ (30 ਦੌੜਾਂ 'ਤੇ 1 ਵਿਕਟ) ਨੇ ਸ਼ੁਰੂ ਤੋਂ ਹੀ ਕੱਸੀ ਹੋਈ ਗੇਂਦਬਾਜ਼ੀ ਕਰ ਕੇ ਨਿਊਜ਼ੀਲੈਂਡ 'ਤੇ ਦਬਾਅ ਬਣਾਇਆ। ਵਿਚਾਲੇ ਦੇ ਓਵਰਾਂ ਵਿਚ ਰਵਿੰਦਰ ਜਡੇਜਾ (34 ਦੌੜਾਂ 'ਤੇ 1 ਵਿਕਟ) ਨੇ ਇਹ ਭੂਮਿਕਾ ਬਾਖੂਬੀ ਨਿਭਾਈ। ਹਾਰਦਿਕ ਪੰਡਯਾ (55 ਦੌੜਾਂ 'ਤੇ 1 ਵਿਕਟ) ਤੇ ਯੁਜਵੇਂਦਰ ਚਾਹਲ (63 ਦੌੜਾਂ 'ਤੇ 1 ਵਿਕਟ) ਆਪਣੇ ਆਖਰੀ ਓਵਰਾਂ ਵਿਚ ਦੌੜਾਂ 'ਤੇ ਰੋਕ ਨਹੀਂ ਲਾ ਸਕੇ। 

ਸ਼ੁਰੂ ਵਿਚ ਗੇਂਦ ਸਵਿੰਗ ਲੈ ਰਹੀ ਸੀ ਤੇ ਬੁਮਰਾਹ ਤੇ ਭੁਵਨੇਸ਼ਵਰ ਨੇ ਬੱਲੇਬਾਜ਼ਾਂ 'ਤੇ ਚੰਗੀ ਤਰ੍ਹਾਂ ਦਬਾਅ ਬਣਾਇਆ। ਵਿਰਾਟ ਕੋਹਲੀ ਟਾਸ ਗੁਆ ਬੈਠਾ ਤੇ ਇਸ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਦਿਆਂ ਉਸ ਨੇ ਪਹਿਲੀ ਗੇਂਦ 'ਤੇ ਆਪਣਾ ਰੈਫਰਲ ਵੀ ਗੁਆ ਦਿੱਤਾ। ਮਾਰਟਿਨ ਗੁਪਟਿਲ (1) ਇਸ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਬੁਮਰਾਹ ਨੇ ਚੌਥੇ ਓਵਰ ਵਿਚ ਉਸ ਨੂੰ ਕੋਹਲੀ ਹੱਥੋਂ ਕੈਚ ਕਰਵਾ ਕੇ ਸਕੋਰ ਇਕ ਵਿਕਟ 'ਤੇ ਇਕ ਦੌੜ ਕਰ ਦਿੱਤਾ। ਨਿਊਜ਼ੀਲੈਂਡ ਪਹਿਲੇ ਪਾਵਰ ਪਲੇਅ ਤਕ 27 ਦੌੜਾਂ ਤਕ ਹੀ ਪਹੁੰਚ ਸਕਿਆ, ਜਿਹੜਾ ਇਸ ਵਿਸ਼ਵ ਕੱਪ ਵਿਚ ਪਹਿਲੇ 10 ਓਵਰਾਂ ਵਿਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਨਿਕੋਲਸ ਭਾਵੇਂ ਹੀ 18 ਓਵਰਾਂ ਤੋਂ ਵੱਧ ਸਮੇਂ ਤਕ ਕ੍ਰੀਜ਼ 'ਤੇ ਰਿਹਾ ਪਰ ਇਸ ਵਿਚਾਲੇ ਤੇਜ਼ ਤੇ ਸਪਿਨ ਦੇ ਮਿਕਸਡ ਮੁਕਾਬਲੇ ਸਾਹਮਣੇ ਉਸ ਨੂੰ ਲਗਾਤਾਰ ਸੰਘਰਸ਼ ਕਰਨਾ ਪਿਆ।  ਵਿਲੀਅਮਸਨ ਤੇ ਨਿਕੋਲਸ ਜਦੋਂ ਪਾਰੀ ਸੰਵਾਰ ਰਹੇ ਸਨ, ਉਦੋਂ ਜਡੇਜਾ ਨੇ 'ਵਿਕਟ ਟੂ ਵਿਕਟ' ਗੇਂਦ ਕਰ ਕੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਵਿਚ ਰੱਖਿਆ। ਖੱਬੇ ਹੱਥ ਦੇ ਇਸ ਸਪਿਨਰ ਨੇ ਅੰਦਰ ਜਾਂਦੀ ਗੇਂਦ 'ਤੇ ਨਿਕੋਲਸ ਨੂੰ ਝਕਾਨੀ ਦੇ ਕੇ ਉਸ ਦਾ ਮਿਡਲ ਸਟੰਪ ਉਖਾੜਿਆ ਤੇ ਉਸ ਨੂੰ ਲੰਬੀ ਪਾਰੀ ਨਹੀਂ ਖੇਡਣ ਦਿੱਤੀ। ਪਹਿਲੇ 25 ਓਵਰਾਂ ਵਿਚ ਸਕੋਰ 2 ਵਿਕਟਾਂ 'ਤੇ 83 ਦੌੜਾਂ ਸੀ। ਇਸ ਵਿਚਾਲੇ ਭਾਰਤੀ ਗੇਂਦਬਾਜ਼ਾਂ ਨੇ 150 ਤੋਂ 102 ਗੇਂਦਾਂ 'ਤੇ ਦੌੜਾਂ ਨਹੀਂ ਦਿੱਤੀਆਂ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੇਂਦਬਾਜ਼ ਕਿੰਨੇ ਹਾਵੀ ਸਨ। ਇਸ ਵਿਚਾਲੇ 14ਵੇਂ ਓਵਰ ਤੋਂ ਬਾਅਦ 28ਵੇਂ ਓਵਰ ਵਿਚ ਗੇਂਦ ਨੇ ਸੀਮਾ ਰੇਖਾ ਦੇ ਦਰਸ਼ਨ ਕੀਤੇ। 

ਬੁਮਰਾਹ 32ਵੇਂ ਓਵਰ ਵਿਚ ਦੂਜੇ ਸਪੈੱਲ ਲਈ ਆਇਆ। ਉਸ ਨੂੰ ਆਉਂਦੇ ਹੀ ਟੇਲਰ (ਉਦੋਂ 22 ਦੌੜਾਂ) ਦੀ ਵਿਕਟ ਮਿਲ ਜਾਂਦੀ ਪਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਕੈਚ ਛੱਡ ਦਿੱਤਾ। ਬੱਲੇਬਾਜ਼ਾਂ 'ਤੇ ਹਾਲਾਂਕਿ ਦੌੜਾਂ ਬਣਾਉਣ ਦਾ ਦਬਾਅ ਸੀ ਤੇ ਅਜਿਹੀ ਹਾਲਤ ਵਿਚ ਵਿਲੀਅਮਸਨ ਨੇ ਕਦਮਾਂ ਦਾ ਇਸਤੇਮਾਲ ਕੀਤੇ ਬਿਨਾਂ ਚਾਹਲ ਦੀ ਗੇਂਦ ਬੈਕਵਰਡ ਪੁਆਇੰਟ 'ਤੇ ਖੇਡੀ ਪਰ ਉਹ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਜਡੇਜਾ ਦੇ ਸੁਰੱਖਿਅਤ ਹੱਥਾਂ ਵਿਚ ਚਲੀ ਗਈ। ਕੀਵੀ ਕਪਤਾਨ ਨੇ ਛੇ ਚੌਕੇ ਲਾਏ ਤੇ ਇਸ ਵਿਚਾਲੇ ਨਿਊਜ਼ੀਲੈਂਡ ਵਲੋਂ ਕਿਸੇ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ (548) ਬਣਾਉਣ ਵਾਲਾ ਬੱਲੇਬਾਜ਼ ਬਣਿਆ। ਉਸ ਦੇ ਸਥਾਨ ਲਈ ਉਤਰਿਆ ਜਿੰਮੀ ਨੀਸ਼ਮ (12) ਨੇ ਵੀ ਹਵਾ ਵਿਚ ਗੇਂਦ ਲਹਿਰਾਈ। ਨਿਊਜ਼ੀਲੈਂਡ ਦੀ ਪਾਰੀ ਦਾ ਪਹਿਲਾ ਛੱਕਾ 44ਵੇਂ ਓਵਰ ਵਿਚ ਟੇਲਰ ਨੇ ਚਾਹਲ ਦੀ ਗੇਂਦ 'ਤੇ ਲਾਇਆ, ਜਿਸ ਨਾਲ ਉਸ ਨੇ ਆਪਣਾ 50ਵਾਂ ਵਨ ਡੇ ਅਰਧ ਸੈਂਕੜਾ ਵੀ ਪੂਰਾ ਕਰ ਲਿਆ। ਭੁਵਨੇਸ਼ਵਰ ਨੇ ਕੌਲਿਨ ਡੀ ਗ੍ਰੈਂਡਹੋਮ (16) ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਕੇ ਕੀਵੀ ਟੀਮ ਨੂੰ ਡੈੱਥ ਓਵਰਾਂ ਦੇ ਸ਼ੁਰੂ ਵਿਚ ਵੱਡਾ ਝਟਕਾ ਦਿੱਤਾ।  ਮੀਂਹ ਕਾਰਣ ਜਦੋਂ ਖੇਡ ਰੁਕ ਗਈ, ਉਦੋਂ ਟੇਲਰ ਦੇ ਨਾਲ ਟਾਮ ਲਾਥਮ 3 ਦੌੜਾਂ 'ਤੇ ਖੇਡ ਰਿਹਾ ਸੀ। ਟੇਲਰ ਨੇ ਹੁਣ ਤਕ ਆਪਣੀ ਪਾਰੀ ਵਿਚ 3 ਚੌਕੇ ਤੇ 1 ਛੱਕਾ ਲਾਇਆ ਹੈ।


Related News