ਏਸ਼ੀਆਈ ਕੱਪ ਕੁਆਲੀਫਾਇਰ ’ਚ ਭਾਰਤ ਦਾ ਸਾਹਮਣਾ ਸਿੰਗਾਪੁਰ ਨਾਲ

Thursday, Oct 09, 2025 - 12:07 PM (IST)

ਏਸ਼ੀਆਈ ਕੱਪ ਕੁਆਲੀਫਾਇਰ ’ਚ ਭਾਰਤ ਦਾ ਸਾਹਮਣਾ ਸਿੰਗਾਪੁਰ ਨਾਲ

ਸਿੰਗਾਪੁਰ- ਰਾਸ਼ਟਰੀ ਕੈਂਪ ਦੇ ਪਹਿਲੇ ਹਿੱਸੇ ’ਚ ਕਈ ਖਿਡਾਰੀਆਂ ਦੀ ਗੈਰ-ਮੌਜੂਦਗੀ ਨਾਲ ਤਿਆਰੀ ’ਚ ਆਏ ਅੜਿੱਕੇ ਵਿਚਾਲੇ ਭਾਰਤੀ ਮਰਦ ਫੁੱਟਬਾਲ ਟੀਮ ਵੀਰਵਾਰ ਇਥੇ ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇੰਗ ਦੇ ਤੀਸਰੇ ਦੌਰ ਦੇ ਮਹੱਤਵਪੂਰਨ ਮੈਚ ’ਚ ਸਿੰਗਾਪੁਰ ਨਾਲ ਭਿੜੇਗੀ।

ਅਗਸਤ-ਸਤੰਬਰ ਵਿਚ ਸੀ. ਏ. ਐੱਫ. ਏ. ਨੇਸ਼ਨਜ਼ ਕੱਪ ਲਈ ਆਰਾਮ ਦਿੱਤੇ ਜਾਣ ਤੋਂ ਬਾਅਦ ਕ੍ਰਿਸ਼ਮਾਈ ਖਿਡਾਰੀ ਸੁਨੀਲ ਸ਼ੇਤਰੀ ਦੀ ਟੀਮ ’ਚ ਵਾਪਸੀ ਹੋਈ ਹੈ ਪਰ ਖਾਲਿਦ ਜਮੀਲ ਦੀ ਪੂਰੀ ਟੀਮ ਨੇ ਇਨੇ ਮਹੱਤਵਪੂਰਨ ਮੈਚ ਲਈ ਮੁਸ਼ਕਿਲ ਨਾਲ ਇਕ ਹਫਤੇ ਹੀ ਇਕੱਠਿਆਂ ਟ੍ਰੇਨਿੰਗ ਕੀਤੀ ਹੈ। ਭਾਰਤ 4 ਟੀਮ ਦੇ ਗਰੁੱਪ ਸੀ ਵਿਚ ਸਭ ਤੋਂ ਹੇਠਲੇ ਪਾਇਦਾਨ ’ਤੇ ਹੈ। ਟੀਮ ਦੇ ਸ਼ੁਰੂਆਤੀ 2 ਮੈਚਾਂ ’ਚ ਸਿਰਫ ਇਕ ਅੰਕ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਗੋਲ ਰਹਿਤ ਡਰਾਅ ਖੇਡਿਆ, ਜਦਕਿ ਹਾਂਗਕਾਂਗ ਖਿਲਾਫ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਿੰਗਾਪੁਰ ਅਜੇ 2 ਮੈਚਾਂ ’ਚ 4 ਅੰਕਾਂ ਨਾਲ ਗਰੁੱਪ ’ਚ ਟਾਪ ’ਤੇ ਹੈ। ਵੀਰਵਾਰ ਨੂੰ ਕੋਈ ਵੀ ਗਲਤੀ ਭਾਰਤ ਦੀ 2027 ਵਿਚ ਮੁੱਖ ਟੂਰਨਾਮੈਂਟ ’ਚ ਜਗ੍ਹਾ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਖਤਰੇ ’ਚ ਪਾ ਸਕਦੀ ਹੈ। ਸਿਰਫ ਗਰੁੱਪ ਜੇਤੂ ਨੂੰ ਹੀ ਮੁੱਖ ਟੂਰਨਾਮੈਂਟ ’ਚ ਜਗ੍ਹਾ ਮਿਲੇਗੀ। ਜਮੀਲ ਨੇ 20 ਸਤੰਬਰ ਤੋਂ ਬੈਂਗਲੁਰੂ ਵਿਚ ਸ਼ੁਰੂ ਹੋਏ ਰਾਸ਼ਟਰੀ ਕੈਂਪ ਲਈ 30 ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਸੀ ਪਰ ਉਨ੍ਹਾਂ ’ਚੋਂ ਸ਼ੇਤਰੀ ਸਮੇਤ 14 ਖਿਡਾਰੀਆਂ ਨੂੰ ਕਲੱਬਾਂ ਨੇ ਕੈਂਪ ਲਈ ਨਹੀਂ ਛੱਡਿਆ। ਬਾਅਦ ਵਿਚ ਜ਼ਿਆਦਾਤਰ ਖਿਡਾਰੀ ਸਤੰਬਰ ਦੇ ਅਖੀਰ ’ਚ ਕੈਂਪ ’ਚ ਸ਼ਾਮਿਲ ਹੋਏ, ਯਾਨੀ ਸੋਮਵਾਰ ਰਵਾਨਾ ਹੋਣ ਤੋਂ ਪਹਿਲਾਂ ਉਹ ਮੁਸ਼ਕਿਲ ਨਾਲ ਇਕ ਹਫਤਾ ਹੀ ਟੀਮ ਦੇ ਨਾਲ ਰਹੇ।

ਪਹਿਲੇ ਹਾਫ ਵਿਚ ਸਿਰਫ 2 ਡਿਫੈਂਡਰ ਕੈਂਪ ’ਚ ਸ਼ਾਮਿਲ ਸਨ ਅਤੇ ਜਮੀਲ ਨੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਅਤੇ ਕਲੱਬਾਂ ਤੋਂ ਇਸ ਪੁਰਾਣੀ ਰੁਕਾਵਟ ਦਾ ਹੱਲ ਕੱਢਣ ਦੀ ਬੇਨਤੀ ਕੀਤੀ ਸੀ। ਪਿਛਲੇ ਮਹੀਨੇ ਸੀ. ਏ. ਐੱਫ. ਏ. ਨੇਸ਼ਨਜ਼ ਕੱਪ ਦੌਰਾਨ ਗਲੇ ਦੀ ਹੱਡੀ ’ਚ ਫ੍ਰੈਕਚਰ ਕਾਰਨ ਹੋਈ ਸਰਜਰੀ ਤੋਂ ਠੀਕ ਹੋਣ ਤੋਂ ਬਾਅਦ ਤਜੁਰਬੇਕਾਰ ਡਿਫੈਂਡਰ ਸੰਦੇਸ਼ ਝਿੰਗਨ ਦਾ 23 ਖਿਡਾਰੀਆਂ ਦੀ ਅੰਤਿਮ ਟੀਮ ’ਚ ਜਗ੍ਹਾ ਬਣਾਉਣੀ ਭਾਰਤ ਲਈ ਚੰਗੀ ਖਬਰ ਸੀ।

ਸਿੰਗਾਪੁਰ ਦੀ 158ਵੀਂ ਰੈਂਕਿੰਗ ਦੇ ਮੁਕਾਬਲੇ ਭਾਰਤ 134ਵੀਂ ਰੈਂਕਿੰਗ ’ਤੇ ਹੈ। ਦੋਨੋਂ ਟੀਮਾਂ ਵਿਚਾਲੇ ਹੁਣ ਤੱਕ ਹੋਏ ਮੁਕਾਬਲਿਆਂ ’ਚ ਜ਼ਿਆਦਾ ਫਰਕ ਨਹੀਂ ਹੈ। ਭਾਰਤ ਨੇ 12 ਮੈਚ ਜਿੱਤੇ ਹਨ, ਜਦਕਿ ਸਿੰਗਾਪੁਰ ਨੇ 11 ਮੈਚਾਂ ’ਚ ਜਿੱਤ ਦਰਜ ਕੀਤੀ ਹੈ। ਇਸ ਦੌਰਾਨ 4 ਮੈਚ ਡਰਾਅ ਰਹੇ।


author

Tarsem Singh

Content Editor

Related News