ਬੰਗਲਾਦੇਸ਼ ਵਿਰੁੱਧ ਹਾਰ ਨਾਲ ਭਾਰਤ ਸੈਫ ਅੰਡਰ-20 ਚੈਂਪੀਅਨਸ਼ਿਪ ’ਚੋਂ ਬਾਹਰ
Tuesday, Aug 27, 2024 - 03:35 PM (IST)
ਕਾਠਮੰਡੂ : ਭਾਰਤ ਦੀ ਅੰਡਰ-20 ਪੁਰਸ਼ ਰਾਸ਼ਟਰੀ ਫੁੱਟਬਾਲ ਟੀਮ ਬੰਗਲਾਦੇਸ਼ ਵਿਰੁੱਧ ਸੈਮੀਫਾਈਨਲ ਵਿਚ ਪੈਨਲਟੀ ਸ਼ੂਟਆਊਟ ਵਿਚ 3-4 ਦੀ ਹਾਰ ਦੇ ਨਾਲ ਸੈਫ ਅੰਡਰ-20 ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਈ ਹੈ। ਨਿਰਧਾਰਿਤ ਸਮੇਂ ਤੋਂ ਬਾਅਦ ਮੁਕਾਬਲਾ 1-1 ਨਾਲ ਬਰਾਬਰ ਸੀ।
ਬੁੱਧਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਬੰਗਲਾਦੇਸ਼ ਦੀ ਟੱਕਰ ਮੇਜ਼ਬਾਨ ਨੇਪਾਲ ਨਾਲ ਹੋਵੇਗੀ। ਪੈਨਲਟੀ ਸ਼ੂਟਆਊਟ ਵਿਚ ਬੰਗਲਾਦੇਸ਼ ਦੇ ਬਦਲਵੇਂ ਗੋਲਕੀਪਰ ਮੁਹੰਮਦ ਆਸਿਫ ਨੇ ਭਾਰਤ ਦੀਆਂ ਦੋ ਕੋਸ਼ਿਸ਼ਾਂ ਨੂੰ ਅਸਫਲ ਕਰਕੇ ਸਾਬਕਾ ਚੈਂਪੀਅਨ ਟੀਮ ਨੂੰ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ।
ਦੋਵੇਂ ਟੀਮਾਂ ਨੇ ਮਜ਼ਬੂਤ ਰੱਖਿਆਤਮਕ ਖੇਡ ਦਿਖਾਈ ਪਰ ਅੰਤ ਵਿਚ ਪੈਨਲਟੀ ਸ਼ੂਟਆਊਟ ਵਿਚ ਆਸਿਫ ਦਾ ਸ਼ਾਨਦਾਰ ਪ੍ਰਦਰਸ਼ਨ ਦੋਵਾਂ ਟੀਮਾਂ ਵਿਚਾਲੇ ਦਾ ਫਰਕ ਸਾਬਤ ਹੋਇਆ। ਬੰਗਲਾਦੇਸ਼ ਨੂੰ 36ਵੇਂ ਮਿੰਟ ਵਿਚ ਅਸਦੂਲ ਇਸਲਾਮ ਸਾਕਿਬ ਨੇ ਬੜ੍ਹਤ ਦਿਵਾਈ ਜਦਕਿ ਭਾਰਤ ਨੇ 74ਵੇਂ ਮਿੰਟ ਵਿਚ ਕਪਤਾਨ ਰਿਕੀ ਮੈਤੇਈ ਹਾਓਬਮ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ।
ਨਿਰਧਾਰਿਤ ਸਮੇਂ ਵਿਚ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਨਤੀਜੇ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਸ਼ੂਟਆਊਟ ਵਿਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ ਜਦੋਂ ਆਸਿਫ ਨੇ ਥੰਗਲਾਲਸੋਨ ਗੰਗਟੇ ਦੀ ਸ਼ਾਟ ਰੋਕ ਦਿੱਤੀ। ਪਰਮਵੀਰ, ਗਵਗਵਮਸਾਰ ਗੋਯਾਰੀ ਤੇ ਮਨੋਜਤ ਪਰਮਾਰ ਨੇ ਇਸ ਤੋਂ ਬਾਅਦ ਗੋਲ ਕੀਤੇ ਪਰ ਬੰਗਲਾਦੇਸ਼ ਦੇ ਗੋਲਕੀਪਰ ਨੇ ਆਕਾਸ਼ ਟਿਰਕੀ ਦੀ ਆਖਰੀ ਕੋਸ਼ਿਸ਼ ਨੂੰ ਵੀ ਅਸਫਲ ਕਰ ਦਿੱਤਾ।
ਬੰਗਲਾਦੇਸ਼ ਲਈ ਮੁਹੰਮਦ ਪਿਆਸ ਅਹਿਮਦ ਨੋਵਾ, ਮੋਇਨੁਲ ਇਸਲਾਮ, ਮੋਇਨ, ਸ਼ਕੀਲ ਅਹਿਮਦ ਟੋਪੂ ਤੇ ਅਸ਼ਰਫੁਲ ਹੱਕ ਆਸਿਫ ਨੇ ਸ਼ੁਰੂਆਤੀ ਚਾਰੇ ਕੋਸ਼ਿਸ਼ਾਂ ਵਿਚ ਗੋਲ ਕੀਤੇ।