ਇਕ ਵਾਰ ਫਿਰ ਟੁੱਟਿਆ SA 'ਚ ਟੈਸਟ ਲੜੀ ਜਿੱਤਣ ਦਾ ਸੁਫ਼ਨਾ, ਪਹਿਲੇ ਟੈਸਟ 'ਚ ਭਾਰਤ ਨੂੰ ਮਿਲੀ ਕਰਾਰੀ ਹਾਰ

12/28/2023 9:45:00 PM

ਸਪੋਰਟਸ ਡੈਸਕ-  ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਸੁਪਰਸਪੋਰਟਸ ਪਾਰਕ, ​​ਸੈਂਚੁਰੀਅਨ ਵਿਖੇ ਖੇਡਿਆ ਗਿਆ, ਜਿੱਥੇ ਦੱਖਣੀ ਅਫਰੀਕਾ ਨੇ ਭਾਰਤ ਨੂੰ ਇਕ ਪਾਰੀ ਤੇ 32 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਦੱਖਣੀ ਅਫਰੀਕਾ 2 ਟੈਸਟ ਮੈਚਾਂ ਦੀ ਲੜੀ 'ਚ 1-0 ਨਾਲ ਅੱਗੇ ਹੋ ਗਈ ਹੈ ਤੇ ਭਾਰਤ ਦਾ ਦੱਖਣੀ ਅਫਰੀਕਾ 'ਚ ਟੈਸਟ ਲੜੀ ਜਿੱਤਣ ਦਾ ਸੁਫਨਾ ਇਕ ਵਾਰ ਫਿਰ ਤੋਂ ਅਧੂਰਾ ਰਹਿ ਗਿਆ ਹੈ। 

ਤੀਜੇ ਦਿਨ ਦੀ ਖੇਡ ਦੌਰਾਨ ਦੱਖਣੀ ਅਫਰੀਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 256 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਦੱਖਣੀ ਅਫਰੀਕਾ ਵਲੋਂ ਡੀਨ ਐਲਗਰ ਦੋਹਰੇ ਸੈਂਕੜੇ ਤੋਂ ਖੁੰਝੇ ਗਏ ਤੇ 185 ਦੌੜਾਂ ਦੀ ਪ੍ਰਭਾਵਸ਼ਾਲੀ ਪਾਰੀ ਖੇਡ ਪੈਵੇਲੀਅਨ ਪਰਤੇ। ਇਸ ਤੋਂ ਇਲਾਵਾ ਬੇਂਡਿੰਗਮ ਨੇ 56 ਤੇ ਮਾਰਕੋ ਜੈਨਸਨ ਨੇ 84 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਖਿਡਾਰੀ ਟਿਕ ਕੇ ਨਾ ਖੇਡ ਸਕਿਆ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ 408 ਦੌੜਾਂ ਬਣਾਉਂਦੇ ਹੋਏ 163 ਦੌੜਾਂ ਦੀ ਬੜ੍ਹਤ ਬਣਾਈ। ਭਾਰਤ ਵਲੋਂ ਬੁਮਰਾਹ ਨੇ 4, ਸਿਰਾਜ ਨੇ 2, ਠਾਕੁਰ ਨੇ 1, ਪ੍ਰਸਿੱਧ ਨੇ 1 ਤੇ ਅਸ਼ਵਿਨ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਨੇ ਫਾਈਵ ਸਟਾਰ ਹੋਟਲ ਨਾਲ ਕੀਤੀ ਲੱਖਾਂ ਦੀ ਠੱਗੀ, ਰਿਸ਼ਭ ਪੰਤ ਨੂੰ ਵੀ ਲਾਇਆ 1.63 ਕਰੋੜ ਦਾ ਚੂਨਾ

ਆਪਣੀ ਦੂਜੀ ਪਾਰੀ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਟੀਮ ਦਾ ਕਪਤਾਨ ਰੋਹਿਤ ਸ਼ਰਮਾ ਖਾਤਾ ਵੀ ਨਾ ਖੋਲ ਸਕਿਆ ਤੇ ਸਿਫਰ ਦੇ ਸਕੋਰ 'ਤੇ ਆਊਟ ਹੋਇਆ। ਇਸ ਤੋਂ ਬਾਅਦ ਯਸ਼ਸਵੀ ਜਾਇਸਵਾਲ 5 ਦੌੜਾਂ, ਸ਼ੁਭਮਨ ਗਿੱਲ 26 ਦੌੜਾਂ, ਸ਼੍ਰੇਅਸ ਅਈਅਰ 6 ਦੌੜਾਂ, ਕੇ. ਐੱਲ. ਰਾਹੁਲ 4 ਦੌੜਾਂ ਤੇ ਅਸ਼ਵਿਨ 0 ਦੌੜਾਂ ਬਣਾ ਆਊਟ ਹੋਏ। ਭਾਰਤ ਦੀਆਂ ਉਮੀਦਾਂ ਹੁਣ ਸਿਰਫ਼ ਵਿਰਾਟ ਕੋਹਲੀ 'ਤੇ ਹੀ ਟਿਕੀਆਂ ਸਨ, ਜਿਨ੍ਹਾਂ ਨੇ ਸਭ ਤੋਂ ਵੱਧ 76 ਦੌੜਾਂ ਦਾ ਯੋਗਦਾਨ ਦਿੱਤਾ, ਪਰ ਉਹ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਉਣ 'ਚ ਅਸਫਲ ਰਹੇ ਤੇ ਭਾਰਤ ਦੀ ਪੂਰੀ ਟੀਮ 131 ਦੌੜਾਂ ਬਣਾ ਕੇ ਆਊਟ ਹੋ ਗਈ। 

ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਕੇ.ਐੱਲ.ਰਾਹੁਲ ਦੇ ਸੈਂਕੜੇ ਦੀ ਬਦੌਲਤ 245 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਦੱਖਣੀ ਅਫਰੀਕਾ ਵੱਲੋਂ ਡੀਨ ਐਲਗਰ ਨੇ 185 ਦੌੜਾਂ ਦੀ ਲੰਬੀ ਪਾਰੀ ਖੇਡੀ ਤੇ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ 408 ਦੌੜਾਂ ਬਣਾਈਆਂ ਸਨ। 

ਇਹ ਵੀ ਪੜ੍ਹੋ : ਤੀਜੇ ਅੰਪਾਇਰ ਦੇ ਲਿਫਟ 'ਚ ਫਸਣ ਨਾਲ ਦੁਪਹਿਰ ਦੇ ਖਾਣੇ ਤੋਂ ਬਾਅਦ ਖੇਡ ਰੁਕੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News