ਇਗਾ ਸਵਿਯਾਤੇਕ ਬਣੀ ਫ੍ਰੈਂਚ ਓਪਨ 2023 ਚੈਂਪੀਅਨ, ਜਿੱਤਿਆ ਚੌਥਾ ਗ੍ਰੈਂਡ ਸਲੈਮ ਖਿਤਾਬ
Sunday, Jun 11, 2023 - 02:03 PM (IST)
ਪੈਰਿਸ– ਪੋਲੈਂਡ ਦੀ ਇਗਾ ਸਵਿਯਾਤੇਕ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਖੇਡੇ ਗਏ ਫ੍ਰੈਂਚ ਓਪਨ ਮਹਿਲਾ ਸਿੰਗਲਜ਼ ਫਾਈਨਲ ’ਚ ਚੈੱਕ ਗਣਰਾਜ ਦੀ ਕੈਰੋਲਿਨਾ ਮੁਕੋਵਾ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਰੋਲਾਂ ਗੈਰਾਂ ਦਾ ਖਿਤਾਬ ਜਿੱਤ ਲਿਆ।
2 ਘੰਟੇ 46 ਮਿੰਟ ਤਕ ਚੱਲੇ ਮੁਕਾਬਲੇ ਦਾ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਮੁਕੋਵਾ ਨੇ ਦਮਖਮ ਦਿਖਾਇਆ ਪਰ ਟਾਪ ਸੀਡ ਸਵਿਯਾਤੇਕ ਨੇ 62, 5-7, 6-4 ਦੀ ਜਿੱਤ ਨਾਲ ਵਿਸ਼ਵ ਰੈਂਕਿੰਗ ’ਚ ਚੋਟੀ ਦਾ ਸਥਾਨ ਆਪਣੇ ਕੋਲ ਰੱਖਿਆ। ਇਹ ਸਵਿਯਾਤੇਕ ਦੇ ਕਰੀਅਰ ਦਾ ਤੀਜਾ ਰੋਲਾਂ ਗੈਰਾਂ ਤੇ ਕੁਲ ਚੌਥਾ ਗ੍ਰੈਂਡ ਸਲੈਮ ਖਿਤਾਬ ਹੈ। ਉਸ ਨੇ ਪਿਛਲੇ ਸਾਲ ਅਮਰੀਕੀ ਓਪਨ ਦਾ ਖਿਤਾਬ ਵੀ ਆਪਣੇ ਨਾਂ ਕੀਤਾ ਸੀ। ਸਿਰਫ 22 ਸਾਲ ਦੀ ਉਮਰ ’ਚ ਸਵਿਯਾਤੇਕ ਚਾਰ ਗ੍ਰੈਂਡ ਸਲੈਮ ਜਿੱਤਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ ਬਣ ਗਈ ਹੈ।