ਇਗਾ ਸਵਿਆਤੇਕ ਤੇ ਯਾਨਿਕ ਸਿਨਰ ਸਿਨਸਿਨਾਟੀ ਦੇ ਅਗਲੇ ਦੌਰ ''ਚ
Thursday, Aug 15, 2024 - 12:47 PM (IST)
ਮੇਸਨ (ਅਮਰੀਕਾ)- ਵਿਸ਼ਵ ਦੀ ਨੰਬਰ ਇਕ ਖਿਡਾਰਨ ਇਗਾ ਸਵਿਆਤੇਕ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਵਿਚ ਹਾਰਡ ਕੋਰਟ 'ਤੇ ਵਾਪਸੀ ਕਰਦੇ ਹੋਏ ਵਰਵਾਰਾ ਗ੍ਰੈਚੇਵਾ ਨੂੰ 6-0, 6-7 (8), 6-2 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕਰ ਲਿਆ। ਪੈਰਿਸ ਓਲੰਪਿਕ ਖੇਡਾਂ 'ਚ ਪੋਲੈਂਡ ਲਈ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਵਿਆਤੇਕ ਦਾ ਅਗਲਾ ਮੁਕਾਬਲਾ ਮਾਰਟਾ ਕੋਸਤਯੁਕ ਨਾਲ ਹੋਵੇਗਾ, ਜਿਨ੍ਹਾਂ ਨੇ ਲੁਲੂ ਸਨ ਨੂੰ 6-3, 7-5 ਨਾਲ ਜਿੱਤ ਦਰਜ ਕੀਤੀ। ਯੂਐੱਸ ਓਪਨ ਦੀ ਤਿਆਰੀ ਵਿੱਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਪੁਰਸ਼ ਵਰਗ ਵਿੱਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਯਾਨਿਕ ਸਿਨਰ ਨੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਦੇ ਐਲੇਕਸ ਮਿਸ਼ੇਲਸਨ ਨੂੰ 6-4, 7-5 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ ਜਿਰੀ ਲੇਹੇਕਾ ਨੇ ਚੌਥਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੂੰ 7-6(2), 6-4 ਨਾਲ ਹਰਾਇਆ।
ਇਸ ਤੋਂ ਪਹਿਲਾਂ ਮਹਿਲਾ ਵਰਗ ਵਿੱਚ 17 ਸਾਲਾ ਮੀਰਾ ਐਂਡਰੀਵਾ ਨੇ 11ਵਾਂ ਦਰਜਾ ਪ੍ਰਾਪਤ ਏਮਾ ਨਵਾਰੋ ਨੂੰ 6-2, 6-2 ਨਾਲ ਹਰਾਇਆ। ਪੈਰਿਸ ਵਿੱਚ ਡਬਲਜ਼ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਐਂਡਰੀਵਾ ਆਪਣਾ ਪਹਿਲਾ ਮੈਚ ਖੇਡ ਰਹੀ ਸੀ। ਉਨ੍ਹਾਂ ਦਾ ਅਗਲਾ ਮੁਕਾਬਲਾ 2016 ਦੀ ਸਿਨਸਿਨਾਟੀ ਚੈਂਪੀਅਨ ਕੈਰੋਲੀਨਾ ਪਲਿਸਕੋਵਾ ਨਾਲ ਹੋਵੇਗਾ।