ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਗੂਗਲ ਦੇ CEO ਨੇ ਕੀਤੀ ਇਹ ਭਵਿੱਖਬਾਣੀ

06/13/2019 4:46:01 PM

ਵਾਸ਼ਿੰਗਟਨ– ਗੂਗਲ ਦੇ ਭਾਰਤੀ ਮੂਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦਾ ਫਾਈਨਲ ਭਾਰਤ ਅਤੇ ਮੇਜਬਾਨ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਉਹ ਚਾਹੁੰਦੇ ਹਨ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਚੰਗਾ ਪ੍ਰਦਰਸ਼ਨ ਕਰਕੇ ਵਰਲਡ ਕੱਪ 2019 ਜਿੱਤੇ। ਖੁਦ ਨੂੰ ਜਨੂਨੀ ਕ੍ਰਿਕਟ ਪ੍ਰਸ਼ੰਸਕ ਕਰਾਰ ਦਿੰਦੇ ਹੋਏ 46 ਸਾਲਾ ਪਿਚਾਈ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਬੇਸਬਾਲ ਥੋੜ੍ਹਾ ਚੁਣੌਤੀਪੂਰਨ ਲੱਗਾ ਸੀ। 

ਪਿਚਾਈ ਨੇ ਯੂ.ਐੱਸ.ਆਈ.ਬੀ.ਸੀ. ਦੀ ‘ਇੰਡੀਆ ਆਈਡਿਆਜ਼ ਸਮਿਟ’ ’ਚ ਕਿਹਾ ਕਿ ਇਹ (ਆਈ.ਸੀ.ਸੀ. ਵਿਸ਼ਵ ਕੱਪ ਫਾਈਨਲ) ਇੰਗਲੈਂਡ ਅਤੇ ਭਾਰਤ ਵਿਚਾਲੇ ਹੋਣਾ ਚਾਹੀਦਾ ਹੈ ਪਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਬਹੁਤ ਤਕੜੀਆਂ ਹਨ। ਉਹ ਯੂ.ਐੱਸ.ਆਈ.ਬੀ.ਸੀ. ਦੀ ਪ੍ਰਧਾਨ ਨਿਸ਼ਾ ਦੇਸਾਈ ਬਿਸਵਾਲ ਦੇ ਸਵਾਲ ਦਾ ਜਵਾਬ ਦੇ ਰਹੇ ਸਨ ਜਿਨ੍ਹਾਂ ਨੇ ਪੁੱਛਿਆ ਸੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਫਾਈਨਲ ਮੈਚ ਕਿਹੜੀਆਂ ਦੋ ਟੀਮਾਂ ਵਿਚਕਾਰ ਹੋਵੇਗਾ? ਪਿਚਾਈ ਨੇ ਅਮਰੀਕਾ ’ਚ ਕ੍ਰਿਕੇਟ ਅਤੇ ਬੇਸਬਾਲ ਦੇ ਆਪਣੇ ਕੁਝ ਅਨੁਭਵ ਵੀ ਸਾਂਝਾ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਇਥੇ ਆਇਆ ਤਾਂ ਮੈਂ ਬੇਸਬਾਲ ’ਚ ਹੱਥ ਆਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ। ਮੇਰਾ ਕਹਿਣਾ ਹੈ ਕਿ ਇਹ ਥੋੜ੍ਹਾ ਚੁਣੌਤੀਪੂਰਨ ਸੀ। ਮੇਰੇ ਪਹਿਲੇ ਮੈਚ ’ਚ ਮੈਨੂੰ ਖੁਸ਼ੀ ਸੀ ਕਿ ਮੈਂ ਗੇਂਦ ਨੂੰ ਪਿੱਛੇ ਹਿੱਟ ਕੀਤਾ ਸੀ। ਕ੍ਰਿਕੇਟ ’ਚ ਇਹ ਵਾਸਤਵ’ਚ ਚੰਗਾ ਸ਼ਾਟ ਹੁੰਦਾ ਹੈ ਪਰ ਲੋਕਾਂ ਨੇ ਇਸ ਦੀ ਤਰੀਫ ਨਹੀਂ ਕੀਤੀ। 

ਪਿਚਾਈ ਨੇ ਕਿਹਾ ਕਿ ਕ੍ਰਿਕੇਟ ’ਚ ਜਦੋਂ ਤੁਸੀਂ ਸਕੋਰ ਲਈ ਦੌੜਦੇ ਹੋ ਤਾਂ ਬੱਲਾ ਨਾਲ ਰੱਖਦੇ ਹੋ ਤਾਂ ਮੈਂਵੀ ਬੇਸਬਾਲ ’ਚ ਆਪਣੇ ਬੱਲੇ ਦੇ ਨਾਲ ਦੌੜ ਪਿਆ ਸੀ। ਇਸ ਲਈ ਅਖੀਰ ’ਚ ਮੈਨੂੰ ਅਹਿਸਾਸ ਹੋਇਆ ਕਿ ਬੇਸਬਾਲ ਥੋੜ੍ਹਾ ਚੁਣੌਤੀਪੂਰਨ ਹੈ। ਮੈਂ ਬਹੁਤ ਸਾਰੀਆਂ ਚੀਜ਼ਾਂ ਨਾਲ ਸੁਲ੍ਹਾ ਕਰ ਸਕਦਾ ਹਾਂ ਪਰ ਕ੍ਰਿਕਟ ਲਈ ਮੇਰਾ ਪਿਆਰ ਬਣਿਆ ਰਹੇਗਾ। 


Related News