ਮੈਂ ਰਾਸ਼ਟਰੀ ਟੀਮ ਦੀ ਰੈਗੂਲਰ ਖਿਡਾਰੀ ਬਣਨਾ ਚਾਹੁੰਦੀ ਹਾਂ : ਮੁਮਤਾਜ਼ ਖਾਨ

09/17/2022 7:41:42 PM

ਨਵੀਂ ਦਿੱਲੀ— ਭਾਰਤ ਦੀ ਯੁਵਾ ਮਹਿਲਾ ਹਾਕੀ ਖਿਡਾਰਨ ਮੁਮਤਾਜ਼ ਖਾਨ ਦਾ ਕਹਿਣਾ ਹੈ ਕਿ ਉਹ ਸੀਨੀਅਰ ਮਹਿਲਾ ਹਾਕੀ ਟੀਮ 'ਚ ਰੈਗੂਲਰ ਖਿਡਾਰੀ ਬਣਨਾ ਚਾਹੁੰਦੀ ਹੈ, ਜਿਸ ਲਈ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਮੁਮਤਾਜ਼ ਨੇ ਕਿਹਾ ਕਿ ਇਸ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਵੇਗੀ। ਮੈਂ ਆਪਣੇ ਟੀਚੇ 'ਤੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੀ ਅਤੇ ਦੇਸ਼ ਲਈ ਮੈਚ ਅਤੇ ਮੈਡਲ ਜਿੱਤਣ 'ਚ ਯੋਗਦਾਨ ਪਾਵਾਂਗੀ।

ਭਾਰਤ ਦੇ ਸਭ ਤੋਂ ਹੁਨਰਮੰਦ ਯੁਵਾ ਖਿਡਾਰੀਆਂ ਵਿੱਚੋਂ ਇੱਕ, ਮੁਮਤਾਜ਼ ਨੂੰ FIH ਸਟਾਰ ਐਵਾਰਡਜ਼ 2021-22 ਵਿੱਚ 'ਰਾਈਜ਼ਿੰਗ ਸਟਾਰ ਆਫ ਦਿ ਈਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦਗੀ ਬਾਰੇ ਮੁਮਤਾਜ਼ ਨੇ ਕਿਹਾ, "ਮੈਂ ਸਾਲ ਦੇ FIH ਰਾਈਜ਼ਿੰਗ ਸਟਾਰ (ਫੀਮੇਲ) ਐਵਾਰਡ ਲਈ ਨਾਮਜ਼ਦ ਹੋ ਕੇ ਬਹੁਤ ਖੁਸ਼ ਹਾਂ।" ਇਹ ਮੇਰੇ ਲਈ ਬਹੁਤ ਵੱਡਾ ਪਲ ਹੈ ਅਤੇ ਇਹ ਸਭ ਮੇਰੇ ਕਰੀਅਰ ਦੀ ਸ਼ੁਰੂਆਤ 'ਚ ਹੋਣ ਨਾਲ ਮੈਂ ਬਹੁਤ ਖ਼ੁਸ਼ ਹਾਂ। ਇਸ ਤਰ੍ਹਾਂ ਦੀ ਪ੍ਰਾਪਤੀ ਸਿਰਫ ਮੇਰੀ ਨਹੀਂ ਸਗੋਂ ਪੂਰੀ ਟੀਮ ਦੀ ਵੀ ਹੈ ਜਿਸ ਨੇ ਮਿਲ ਕੇ ਵਧੀਆ ਕੰਮ ਕੀਤਾ ਹੈ। ਅਜਿਹੀ ਮਾਨਤਾ ਬਹੁਤ ਪ੍ਰੇਰਣਾਦਾਇਕ ਹੈ।

ਇਹ ਵੀ ਪੜ੍ਹੋ : ਇਸ ਦਿਨ ਮੋਹਾਲੀ 'ਚ ਭਿੜਨਗੇ ਭਾਰਤ-ਆਸਟ੍ਰੇਲੀਆ, ਚੰਡੀਗੜ੍ਹ ਪੁੱਜੀ ਆਸਟ੍ਰੇਲੀਆ ਟੀਮ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ

19 ਸਾਲਾ ਮੁਮਤਾਜ਼ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਖਿਡਾਰਨ ਰਹੀ ਹੈ। ਉਹ 2022 FIH ਜੂਨੀਅਰ ਵਿਸ਼ਵ ਕੱਪ ਵਿੱਚ 8 ਗੋਲ ਕਰਕੇ ਚੋਟੀ ਦਾ ਸਕੋਰਰ ਸੀ ਜਦਕਿ ਭਾਰਤ ਟੂਰਨਾਮੈਂਟ ਵਿੱਚ ਚੌਥੇ ਸਥਾਨ 'ਤੇ ਰਿਹਾ ਸੀ। ਮੁਮਤਾਜ਼ ਨੇ ਜੂਨੀਅਰ ਟੀਮ ਦੇ ਤਜ਼ਰਬੇ 'ਤੇ ਕਿਹਾ, ''2022 ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਇਕ ਮੁਸ਼ਕਲ ਟੂਰਨਾਮੈਂਟ ਸੀ ਪਰ ਅਸੀਂ ਚੰਗਾ ਖੇਡਿਆ ਅਤੇ ਮੈਂ ਇਸ ਤੱਥ ਤੋਂ ਖੁਸ਼ ਹਾਂ ਕਿ ਮੈਂ ਇੰਨੇ ਗੋਲ ਕੀਤੇ। ਪਰ ਮੈਨੂੰ ਹੋਰ ਖੁਸ਼ੀ ਹੁੰਦੀ ਜੇ ਅਸੀਂ ਪੋਡੀਅਮ 'ਤੇ ਮੁਹਿੰਮ ਖਤਮ ਕੀਤੀ ਹੁੰਦੀ। 

ਮੁਮਤਾਜ਼ ਤੋਂ ਇਲਾਵਾ ਹਰਮਨਪ੍ਰੀਤ ਸਿੰਘ (ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ), ਸਵਿਤਾ ਪੂਨੀਆ (ਸਾਲ ਦੀ ਸਰਵਸ੍ਰੇਸ਼ਠ ਮਹਿਲਾ ਗੋਲਕੀਪਰ), ਸ੍ਰੀਜੇਸ਼ (ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਗੋਲਕੀਪਰ), ਸੰਜੇ (ਰਾਈਜ਼ਿੰਗ ਸਟਾਰ ਆਫ ਦਿ ਈਅਰ, ਪੁਰਸ਼), ਗ੍ਰਾਹਮ ਰੀਡ ( ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਟੀਮ ਦੇ ਕੋਚ)ਅਤੇ ਜੈਨੇਕ ਸ਼ੋਪਮੈਨ (ਮਹਿਲਾ ਟੀਮ ਕੋਚ ਆਫ ਦਿ ਈਅਰ) ਨੂੰ FIH ਸਟਾਰ ਅਵਾਰਡਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News