ਹਰਮਨਪ੍ਰੀਤ ਕੌਰ ਬਣੀ ‘ਪਲੇਅਰ ਆਫ ਦਿ ਮੰਥ’ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ
Monday, Oct 10, 2022 - 08:34 PM (IST)

ਦੁਬਈ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਇੰਗਲੈਂਡ ਦੇ ਖਿਲਾਫ ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਕਾਰਨ ਸਤੰਬਰ ਮਹੀਨੇ ਦੀ ਮਹਿਲਾ ਪਲੇਅਰ ਆਫ ਦਿ ਮੰਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਰਮਨਪ੍ਰੀਤ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਉਸ ਨੇ ਆਪਣੀ ਹਮਵਤਨ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਹਰਮਨਪ੍ਰੀਤ ਨੇ ਪੁਰਸਕਾਰ ਪ੍ਰਾਪਤ ਕਰਨ 'ਤੇ ਕਿਹਾ, 'ਐਵਾਰਡ ਲਈ ਨਾਮਜ਼ਦ ਹੋਣਾ ਬਹੁਤ ਚੰਗਾ ਸੀ, ਅਤੇ ਇਸ ਨੂੰ ਜਿੱਤਣਾ ਇਕ ਸ਼ਾਨਦਾਰ ਅਹਿਸਾਸ ਹੈ। ਸਮ੍ਰਿਤੀ ਤੇ ਨਿਗਾਰ ਨਾਲ ਨਾਮਜ਼ਦ ਹੋਣ ਤੋਂ ਬਾਅਦ ਜੇਤੂ ਬਣਨਾ ਇੱਕ ਨਿਮਰ ਤਜਰਬਾ ਹੈ।'
ਇਹ ਵੀ ਪੜ੍ਹੋ : T20I 'ਚ ਸਮ੍ਰਿਤੀ ਮੰਧਾਨਾ ਦਾ ਵੱਡਾ ਰਿਕਾਰਡ, ਇਹ ਉਪਲੱਬਧੀ ਹਾਸਲ ਕਰਨ ਵਾਲੀ ਦੂਜੀ ਭਾਰਤੀ ਖਿਡਾਰਨ ਬਣੀ
ਹਰਮਨਪ੍ਰੀਤ ਦੀ ਕਪਤਾਨੀ 'ਚ ਭਾਰਤ ਨੇ 23 ਸਾਲ ਬਾਅਦ ਇੰਗਲੈਂਡ 'ਚ ਸੀਰੀਜ਼ ਜਿੱਤੀ ਅਤੇ ਮੇਜ਼ਬਾਨ ਟੀਮ ਨੂੰ ਵਨਡੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ। ਹਰਮਨਪ੍ਰੀਤ ਨੇ ਦੂਜੇ ਮੈਚ ਵਿੱਚ 111 ਗੇਂਦਾਂ ਵਿੱਚ 143 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾਉਣ ਵਿੱਚ ਮਦਦ ਕੀਤੀ। ਹਰਮਨਪ੍ਰੀਤ ਨੇ ਕਿਹਾ, 'ਮੈਂ ਹਮੇਸ਼ਾ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਬਹੁਤ ਮਾਣ ਮਹਿਸੂਸ ਕੀਤਾ ਹੈ ਅਤੇ ਇੰਗਲੈਂਡ 'ਚ ਇਤਿਹਾਸਕ ਵਨਡੇ ਸੀਰੀਜ਼ ਜਿੱਤਣਾ ਮੇਰੇ ਕਰੀਅਰ ਦਾ ਸ਼ਾਨਦਾਰ ਪਲ ਰਹੇਗਾ।'
ਉਸ ਨੇ ਕਿਹਾ, 'ਇਹ ਕ੍ਰਿਕਟ ਦੀ ਖ਼ੁਸ਼ਨਸੀਬੀ ਹੈ ਕਿ ਉਸ ਕੋਲ ਦੁਨੀਆ ਦੇ ਕੁਝ ਸਰਵੋਤਮ ਖਿਡਾਰੀ ਹਨ ਅਤੇ ਉਨ੍ਹਾਂ ਵਿੱਚੋਂ ਆਈਸੀਸੀ ਮਹਿਲਾ ਪਲੇਅਰ ਆਫ ਦਿ ਮੰਥ ਚੁਣਿਆ ਜਾਣਾ ਮੇਰੇ ਲਈ ਨਿੱਜੀ ਤੌਰ 'ਤੇ ਅਤੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਦੇ ਤੌਰ 'ਤੇ ਵਿਸ਼ੇਸ਼ ਉਪਲੱਬਧੀ ਹੈ।' ਹਰਮਨਪ੍ਰੀਤ ਇੰਗਲੈਂਡ ਦੀ ਵਨਡੇ ਸੀਰੀਜ਼ ਵਿਚ 221 ਦੀ ਔਸਤ ਅਤੇ 103.27 ਦੇ ਸਟ੍ਰਾਈਕ ਰੇਟ ਨਾਲ 221 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।