ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਢਾਉਣ ਦੀ ਧਮਕੀ 'ਤੇ ਬੋਲੇ ਭੱਜੀ

01/04/2020 12:30:25 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹੋਏ ਹਮਲੇ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾਈ ਹੈ ਅਤੇ ਇਸ ਮਾਮਲੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਸ਼ਨੀਵਾਰ ਸਵੇਰੇ ਲਗਾਤਾਰ 2 ਟਵੀਟ ਕਰਦਿਆਂ ਇਸ ਮੁੱਦੇ ਨੂੰ ਚੁੱਕਣ ਅਤੇ ਇਕ-ਦੂਜੇ ਦੇ ਧਰਮਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਆਪਣੇ ਪਹਿਲੇ ਟਵੀਟ ਵਿਚ ਹਰਭਜਨ ਨੇ ਗੁਰਦੁਆਰੇ ਸਾਹਿਬ 'ਤੇ ਹਮਲਾ ਕਰਨ ਵਾਲੀ ਭੀੜ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ''ਪਤਾ ਨਹੀਂ ਕੁਝ ਲੋਕਾਂ ਦੇ ਨਾਲ ਕੀ ਸਮੱਸਿਆ ਹੈ ਕਿ ਉਹ ਸ਼ਾਂਤੀ ਨਾਲ ਨਹੀਂ ਰਹਿ ਸਕਦੇ। ਮੁਹੰਮਦ ਹਸਨ ਸ਼ਰੇਆਮ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਢਾਉਣ ਅਤੇ ਉੱਥੇ ਮਸਜਿਦ ਬਣਾਉਣ ਦੀ ਧਮਕੀ ਦੇ ਰਿਹਾ ਹੈ। ਇਮਰਾਨ ਖਾਨ ਇਸ ਨੂੰ ਦੇਖ ਕੇ ਬੇਹੱਦ ਦੁੱਖ ਹੋਇਆ।''

ਇਸ ਤੋਂ ਬਾਅਦ ਭੱਜੀ ਨੇ ਅਗਲੇ ਟਵੀਟ ਵਿਚ ਭੀੜ ਦੀ ਅਗਵਾਈ ਕਰ ਰਹੇ ਉਸੇ ਮੁਹੰਮਦ ਹਸਨ ਦੀ ਇਕ ਹੋਰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ''ਈਸ਼ਵਰ ਇਕ ਹੈ। ਉਸ ਨੂੰ ਨਾ ਵੰਡੋ ਅਤੇ ਨਾ ਹੀ ਇਕ-ਦੂਜੇ ਵਿਚ ਨਫਰਤ ਪੈਦਾ ਕਰੋ। ਸਭ ਤੋਂ ਪਹਿਲਾਂ ਇਨਸਾਨ ਬਣੋ ਅਤੇ ਇਕ-ਦੂਜੇ ਦਾ ਸਨਮਾਨ ਕਰੋ। ਮੁਹੰਮਦ ਹਸਨ ਸ਼ਰੇਆਮ ਸ਼੍ਰੀ ਨਨਕਾਣਾ ਸਾਹਿਬ ਨੂੰ ਢਾਉਣ ਅਤੇ ਉਸ ਦੀ ਜਗ੍ਹਾ ਮਸਜਿਦ ਬਣਾਉਣ ਦੀ ਧਮਕੀ ਦੇ ਰਿਹਾ ਹੈ। ਇਮਰਾਨ ਖਾਨ ਕਿਰਪਾ ਜ਼ਰੂਰੀ ਕਦਮ ਚੁੱਕੋ।''

PunjabKesari

ਭਾਰਤ ਸਰਕਾਰ ਨੇ ਵੀ ਕੀਤੀ ਸਖਤ ਨਿੰਦਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ ਵਿਚ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨ ਵਿਚ ਘੱਟ ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖਤ ਨਿੰਦਾ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਸਰਕਾਰ ਤੋਂ ਉੱਥੇ ਰਹਿ ਰਹੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ। ਮੰਤਰਾਲੇ ਨੇ ਨਾਲ ਹੀ ਗੁਰਦੁਆਰੇ ਵਿਚ ਅਸ਼ਲੀਲਤਾ ਅਤੇ ਹਮਲਾ ਕਰਨ ਵਾਲੇ ਸ਼ਰਾਰਤੀ ਤੱਤਾਂ ਖਿਲਾਫ ਸਖਤ ਕਦਮ ਚੁੱਕਣ ਲਈ ਕਿਹਾ ਹੈ।


Related News