''ਮੇਰਾ ਅਰਜੁਨ ਪੁਰਸਕਾਰ ਉਭਰਦੇ ਹੋਏ ਫੁੱਟਬਾਲਰਾਂ ਨੂੰ ਪ੍ਰੇਰਣਾ ਦੇਵੇਗਾ : ਸੰਧੂ
Tuesday, Aug 20, 2019 - 11:40 AM (IST)

ਸਪੋਰਟਸ ਡੈਸਕ— ਰਾਸ਼ਟਰੀ ਫੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਸੋਮਵਾਰ ਨੂੰ ਉਮੀਦ ਜਤਾਈ ਕਿ ਉਨ੍ਹਾਂ ਦਾ ਅਰਜੁਨ ਪੁਰਸਕਾਰ ਭਾਰਤ 'ਚ ਇਸ ਖੇਡ 'ਚ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ। ਗੁਰਪ੍ਰੀਤ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ 26ਵੇਂ ਫੁੱਟਬਾਲ ਖਿਡਾਰੀ ਹਨ।
ਯੂ.ਐੱਫ. ਯੂਰੋਪਾ ਲੀਗ (ਕੁਆਲੀਫਾਇਰ) 'ਚ ਖੇਡਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਗੁਰਪ੍ਰੀਤ ਨੇ ਪੁਰਸਕਾਰ ਲਈ ਨਾਮਜ਼ਦ ਹੋਣ ਦੇ ਬਾਅਦ ਕਿਹਾ, ''ਅਰਜੁਨ ਪੁਰਸਕਾਰ ਲਈ ਨਾਂ ਨਾਮਜ਼ਦ ਹੋਣ 'ਤੇ ਮੈਂ ਰੋਮਾਂਚਿਤ ਅਤੇ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੀ ਇਹ ਪਛਾਣ ਦੇਸ਼ 'ਚ ਇਸ ਖੇਡ ਦੇ ਸਾਰੇ ਖਿਡਾਰੀਆਂ ਨੂੰ ਪ੍ਰੇਰਿਤ ਕਰੇ। ਮੇਰੀ ਖੁਸ਼ੀ ਉਦੋਂ ਹੀ ਪੂਰੀ ਹੋਵੇਗੀ।' ਗੁਰਪ੍ਰੀਤ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਸਭ ਤੋਂ ਯੁਵਾ ਖਿਡਾਰੀਆਂ 'ਚੋਂ ਇਕ ਹੈ। ਇਨ੍ਹਾਂ ਪੁਰਸਕਾਰਾਂ ਦੇ ਸ਼ੁਰੂ ਹੋਣ ਦੇ ਬਾਅਦ ਗੁਰਪ੍ਰੀਤ ਇਸ ਨੂੰ ਪ੍ਰਾਪਤ ਕਰਨ ਵਾਲੇ ਚੌਥੇ ਗੋਲਕੀਪਰ ਹਨ। ਉਨ੍ਹਾਂ ਤੋਂ ਪਹਿਲਾਂ ਸੁਬ੍ਰਤ ਪਾਲ (2016), ਬ੍ਰਹਮਾਨੰਦ ਸੰਖਵਾਲਕਰ (1997) ਅਤੇ ਪੀਟਰ ਥੰਗਰਾਜ (1967) ਨੂੰ ਅਰਜੁਨ ਪੁਰਸਕਾਰ ਮਿਲਿਆ ਹੈ। ਪੁਰਸਕਾਰ ਲਈ ਨਾਮਜ਼ਦ ਹੋਣ 'ਤੇ ਸਰਬ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਜਨਰਲ ਸਕੱਤਰ ਕੁਸ਼ਾਲ ਦਾਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ।