ਗ੍ਰੈਂਡ ਮਾਸਟਰ ਬਣਨਾ ਚਾਹੁੰਦੈ ਮੁਕੁਲ
Friday, Nov 16, 2018 - 01:07 AM (IST)

ਜਲੰਧਰ (ਭਾਰਤੀ ਸ਼ਰਮਾ)— ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਿਹਾ 10 ਸਾਲ ਦਾ ਮੁਕੁਲ ਦਸੂਹਾ ਦੇ ਪਿੰਡ ਕੋਈ (ਕੁੰਤੀ) ਦਾ ਰਹਿਣ ਵਾਲਾ ਹੈ। ਮੁਕੁਲ ਨੇ 2 ਸਾਲ ਪਹਿਲਾਂ ਹੀ ਚੈੱਸ ਖੇਡਣੀ ਸ਼ੁਰੂ ਕੀਤੀ ਹੈ। ਉਸ ਨੇ ਆਪਣੇ ਪਿੰਡ ਵਿਚ ਕੁਝ ਲੋਕਾਂ ਨੂੰ ਚੈੱਸ ਖੇਡਦੇ ਦੇਖਿਆ ਸੀ। ਫਿਰ ਆਪਣੇ ਘਰ ਚੈੱਸ ਖੇਡਣ ਦੀ ਗੱਲ ਕੀਤੀ। ਸ਼ੁਰੂ-ਸ਼ੁਰੂ ਵਿਚ ਤਾਂ ਮਾਤਾ-ਪਿਤਾ ਨੇ ਚੈੱਸ ਖੇਡਣ ਲਈ ਮਨ੍ਹਾ ਕੀਤਾ ਸੀ ਪਰ ਫਿਰ ਮੁਕੁਲ ਨੇ ਆਪਣੀ ਮਾਸੀ ਵਲੋਂ ਗਿਫਟ ਵਿਚ ਮਿਲੇ ਚੈੱਸ ਬੋਰਡ 'ਤੇ ਹੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਚੰਗੀ ਗੇਮ ਨੂੰ ਦੇਖਦੇ ਹੋਏ ਬਾਅਦ ਵਿਚ ਮਾਤਾ-ਪਿਤਾ ਨੇ ਵੀ ਉਸ ਨੂੰ ਚੈੱਸ ਖੇਡਣ ਦੀ ਮਨਜ਼ੂਰੀ ਦੇ ਦਿੱਤੀ।
ਫਿਰ ਮੁਕੁਲ ਨੇ 'ਜਗ ਬਾਣੀ' ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਕਰਵਾਈ ਜਾਣ ਵਾਲੀ ਚੈੱਸ ਪ੍ਰਤੀਯੋਗਿਤਾ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਉਥੋਂ ਇਨਾਮਾਂ ਵਿਚ ਮਿਲੇ ਚੈੱਸ ਬੇਸ ਇੰਡੀਆ ਦੇ ਅਕਾਊਂਟ ਤੇ ਚੈੱਸ ਬੁਕਸ ਤੋਂ ਹੀ ਰੋਜ਼ਾਨਾ 7 ਤੋਂ 8 ਘੰਟੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਮੁਕੁਲ ਵੱਡਾ ਹੋ ਕੇ ਹੁਣ ਗ੍ਰੈਂਡ ਮਾਸਟਰ ਬਣਨਾ ਚਾਹੁੰਦਾ ਹੈ।