Paralympics: ਸੋਨ ਤਮਗਾ ਜਿੱਤਣ ਵਾਲੀ ਅਵਨੀ ਲੇਖਰਾ ਨਾਲ ਵਾਪਰਿਆ ਸੀ ਭਿਆਨਕ ਹਾਦਸਾ, ਨਹੀਂ ਮੰਨੀ ਕਦੇ ਹਾਰ
Monday, Aug 30, 2021 - 04:56 PM (IST)
ਨਵੀਂ ਦਿੱਲੀ (ਭਾਸ਼ਾ) : ਅਵਨੀ ਲੇਖਰਾ ਨੂੰ 2012 ਵਿਚ ਵਾਪਰੇ ਵਿਚ ਇਕ ਕਾਰ ਹਾਦਸੇ ਦੇ ਬਾਅਦ ਵ੍ਹੀਲਚੇਅਰ ਦਾ ਸਹਾਰਾ ਲੈਣਾ ਪਿਆ, ਕਿਉਂਕਿ ਉਨ੍ਹਾਂ ਦੇ ਪੈਰ ਹਿੱਲ ਨਹੀਂ ਪਾਉਂਦੇ ਸਨ ਪਰ ਇਹ ਹਾਦਸਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਰਾਦਿਆਂ ਨੂੰ ਜ਼ਰਾ ਵੀ ਡਾਵਾਂਡੋਲ ਨਹੀਂ ਕਰ ਸਕਿਆ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਡਟ ਕੇ ਸਾਹਮਣਾ ਕੀਤਾ। ਇਸ ਹਾਦਸੇ ਵਿਚ ਅਵਨੀ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟ ਲੱਗੀ ਸੀ। ਉਨ੍ਹਾਂ ਦੇ ਪਿਤਾ ਦੇ ਜ਼ੋਰ ਦੇਣ ’ਤੇ ਉਨ੍ਹਾਂ ਨੇ ਨਿਸ਼ਾਨੇਬਾਜ਼ੀ ਕਰਨਾ ਸ਼ੁਰੂ ਕੀਤਾ। ਸਾਬਕਾ ਓਲੰਪਿਕ ਨਿਸ਼ਾਨੇਬਾਜ਼ ਸੁਮਾ ਸ਼ਿਰੂਰ ਦੀ ਦੇਖ਼ਭਾਲ ਵਿਚ ਉਹ ਟਰੇਨਿੰਗ ਕਰਨ ਲੱਗੀ ਅਤੇ ਸੋਮਵਾਰ ਨੂੰ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐਚ.ਐਸ.1 ਵਿਚ 246.6 ਅੰਕ ਦੇ ਕੁੱਲ ਸਕੋਰ ਨਾਲ ਟੋਕੀਓ ਵਿਚ ਪੈਰਾਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਣ ਬਣ ਗਈ। ਜੈਪੁਰ ਦੀ 19 ਸਾਲ ਦੀ ਨਿਸ਼ਾਨੇਬਾਜ਼ ਨੇ ਇਸ ਦੌਰਾਨ ਪੈਰਾਲੰਪਿਕ ਦਾ ਨਵਾਂ ਰਿਕਾਰਡ ਵੀ ਬਣਾਇਆ ਅਤੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ।
ਉਹ ‘ਫੁੱਲ-ਟਾਈਮ’ ਨਿਸ਼ਾਨੇਬਾਜ਼ ਨਹੀਂ ਬਣਨਾ ਚਾਹੁੰਦੀ ਸੀ ਪਰ ਅਭਿਨਵ ਬਿੰਦਰਾ (ਭਾਰਤ ਦੇ ਪਹਿਲੇ ਓਲੰਪਿਕ ਵਿਅਕਤੀਗਤ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼) ਦੀ ਆਤਮਕਥਾ ‘ਏ ਸ਼ਾਟ ਐਟ ਗਲੋਰੀ’ ਪੜ੍ਹਨ ਦੇ ਬਾਅਦ ਉਹ ਇੰਨੀ ਪ੍ਰੇਰਿਤ ਹੋਈ ਕਿ ਉਨ੍ਹਾਂ ਨੇ ਆਪਣੇ ਪਹਿਲੇ ਹੀ ਪੈਰਾਲੰਪਿਕ ਵਿਚ ਇਤਿਹਾਸ ਰਚ ਦਿੱਤਾ। ਕੋਵਿਡ-19 ਮਹਾਮਾਰੀ ਨਾਲ ਉਨ੍ਹਾਂ ਦੀ ਟੋਕੀਓ ਪੈਰਾਲੰਪਿਕ ਦੀਆਂ ਤਿਆਰੀਆਂ ’ਤੇ ਅਸਰ ਪਿਆ, ਜਿਸ ਵਿਚ ਉਨ੍ਹਾਂ ਲਈ ਜ਼ਰੂਰੀ ਫਿਜ਼ੀਓਥੈਰੇਪੀ ਰੁਟੀਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ। ਲੇਖਰਾ ਨੇ ਕਿਹਾ, ‘ਰੀੜ੍ਹ ਦੀ ਹੱਡੀ ਕਾਰਨ ਮੈਨੂੰ ਪਿੱਠ ਦੇ ਹੇਠਲੇ ਹਿੱਸੇ ਵਿਚ ਕੁੱਝ ਵੀ ਮਹਿਸੂਸ ਨਹੀਂ ਹੁੰਦਾ ਪਰ ਮੈਨੂੰ ਅਜੇ ਵੀ ਹਰ ਰੋਜ਼ ਆਪਣੀਆਂ ਲੱਤਾਂ ਦੀ ਕਸਰਤ ਕਰਨੀ ਪੈਂਦੀ ਹੈ।’ ਉਨ੍ਹਾਂ ਕਿਹਾ, ‘ਇਕ ਫਿਜ਼ੀਓ ਰੋਜ਼ ਮੇਰੇ ਘਰ ਆ ਕੇ ਕਸਰਤ ਵਿਚ ਮੇਰੀ ਮਦਦ ਕਰਦਾ ਸੀ ਅਤੇ ਪੈਰਾਂ ਦੀ ਸਟ੍ਰੇਚਿੰਗ ਕਰਵਾਉਂਦਾ ਸੀ ਪਰ ਕੋਵਿਡ-19 ਦੇ ਬਾਅਦ ਤੋਂ ਮੇਰੇ ਮਾਤਾ-ਪਿਤਾ ਕਸਰਤ ਕਰਨ ਵਿਚ ਮੇਰੀ ਮਦਦ ਕਰਦੇ ਹਨ। ਉਹ ਜਿੰਨਾ ਬਿਹਤਰ ਕਰ ਸਕਦੇ ਹਨ ਕਰਦੇ ਹਨ।’
ਪਿੱਠ ਦੇ ਹੇਠਲੇ ਹਿੱਸੇ ਦੇ ਅਧਰੰਗ ਹੋਣ ਕਾਰਨ ਉਨ੍ਹਾਂ ਲਈ ਪੜ੍ਹਾਈ ਹੀ ਇਕੋ-ਇਕ ਬਦਲ ਬਚਿਆ ਸੀ ਪਰ ਜ਼ਿੰਦਗੀ ਨੇ ਉਨ੍ਹਾਂ ਲਈ ਕੁੱਝ ਹੋਰ ਸੰਜੋਅ ਕੇ ਰੱਖਿਆ ਸੀ। ਗਰਮੀਆਂ ਦੀਆਂ ਛੁੱਟੀਆਂ ਵਿਚ 2015 ਵਿਚ ਰਾਈਫਲ ਚੁੱਕਣ ਦੇ ਬਾਅਦ ਲੇਖਰਾ ਨੇ ਸੂਬਾ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਫਿਰ ਉਹ ਯਾਤਰਾ ਸ਼ੁਰੂ ਹੋਈ, ਜਿਸ ਵਿਚ ਉਨ੍ਹਾਂ ਨੇ ਖੇਡ ਦੇ ਸਿਖ਼ਰਲੇ ਪੱਧਰ ’ਤੇ ਸਭ ਤੋਂ ਵੱਡਾ ਪੁਰਸਕਾਰ ਹਾਸਲ ਕਰ ਇਤਿਹਾਸ ਰਚ ਦਿੱਤਾ। ਵਿਸ਼ਵ ਰੈਂਕਿੰਗ ਵਿਚ ਪੰਜਵੇਂ ਸਥਾਨ ’ਤੇ ਕਾਬਿਜ ਲੇਖਰਾ ਹੁਣ 3 ਹੋਰ ਮੁਕਾਬਲਿਆਂ- ਮਿਕਸਡ ਏਅਰ ਰਾਈਫਲ ਪ੍ਰੋਨ, ਔਰਤਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਅਤੇ ਮਿਕਸਡ 50 ਮੀਟਰ ਰਾਈਫਲ ਪ੍ਰੋਨ ਵਿਚ ਹਿੱਸਾ ਲਵੇਗੀ।
ਟੋਕੀਓ ਤੋਂ ਗੱਲ ਕਰਦੇ ਹੋਏ ਲੇਖਰਾ ਨੇ ਕਿਹਾ, ‘ਮੈਂ ਇਹ ਤਮਗਾ ਜਿੱਤ ਕੇ ਬਹੁਤ ਖ਼ੁਸ਼ ਹਾਂ। ਮੈਂ ਇਸ ਅਹਿਸਾਸ ਨੂੰ ਬਿਆਨ ਨਹੀਂ ਕਰ ਸਕਦੀ। ਮੈਨੂੰ ਅਜਿਹਾ ਲੱਗ ਰਿਹਾ ਹੈ ਜਿਵੇਂ ਕਿ ਮੈਂ ਦੁਨੀਆ ਵਿਚ ਸਿਖ਼ਰ ’ਤੇ ਹਾਂ।’ ਉਨ੍ਹਾਂ ਕਿਹਾ, ‘ਮੈਂ ਸਾਰੇ ਭਾਰਤੀਆਂ ਨੂੰ ਇਹ ਤਮਗਾ ਸਮਰਪਿਤ ਕਰਦੀ ਹਾਂ। ਇਹ ਤਾਂ ਸ਼ੁਰੂਆਤ ਹੈ। ਮੈਨੂੰ ਅੱਗੇ ਹੋਰ ਮੁਕਾਬਲਿਆਂ ਵਿਚ ਹਿੱਸਾ ਲੈਣਾ ਹੈ ਅਤੇ ਹੋਰ ਤਮਗੇ ਜਿੱਤਣੇ ਹਨ। ਮੇਰੇ ਅਜੇ 3 ਹੋਰ ਮੈਚ ਹਨ ਅਤੇ ਮੈਂ ਉਨ੍ਹਾਂ ’ਤੇ ਧਿਆਨ ਦੇ ਰਹੀ ਹਾਂ। ਮੈਂ ਆਪਣਾ 100 ਪ੍ਰਤੀਸ਼ਤ ਦਵਾਂਗੀ।’ ਉਨ੍ਹਾਂ ਨੇ 2017 ਵਿਚ ਬੈਂਕਾਕ ਵਿਚ ਡਬਲਯੂ.ਐਸ.ਪੀ.ਐਸ. ਵਿਸ਼ਵ ਕੱਪ ਵਿਚ ਕਾਂਸੀ ਤਮਗਾ ਜਿੱਤਿਆ। ਇਸ ਦੋਂ ਬਾਅਦ ਉਨ੍ਹਾਂ ਨੇ ਕ੍ਰੋਏਸ਼ੀਆ ਵਿਚ 2019 ਵਿਚ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਹੋਏ ਅਗਲੇ ਦੇ 2 ਵਿਸ਼ਵ ਕੱਪ ਵਿਚ ਇਸ ਤਮਗੇ ਦਾ ਰੰਗ ਬਿਹਤਰ ਕਰਦੇ ਹੋਏ ਚਾਂਦੀ ਤਮਗਾ ਆਪਣੇ ਨਾਮ ਕੀਤਾ। ਸੁਮਾ ਸ਼ਿਰੂਰ ਟੋਕੀਓ ਵਿਚ ਉਨ੍ਹਾਂ ਦੇ ਨਾਲ ਹੀ ਹੈ। ਉਹ ਓਲੰਪਿਕ ਵਿਚ ਭਾਰਤੀ ਰਾਈਫਲ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਦਾ ਮਾਰਗਦਰਸ਼ਨ ਵੀ ਕਰ ਰਹੀ ਸੀ। ਸ਼ਿਰੂਰ ਨੇ ਕਿਹਾ, ‘ਮੈਨੂੰ ਅਵਨੀ ਨਾਲ ਹੋਣਾ ਹੀ ਸੀ, ਇਹ ਖੇਡਾਂ ਦਾ ਅੰਤਿਮ ਟੀਚਾ ਸੀ। ਮੈਂ ਖ਼ੁਸ਼ ਹਾਂ ਕਿ ਉਸ ਨੇ ਸੋਨ ਤਮਗਾ ਜਿੱਤਿਆ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।