ਗਾਂਗੁਲੀ ਦਾ ਕੋਹਲੀ ਦੇ ਸਵਾਲ ''ਤੇ ਬਿਆਨ, ਕਿਹਾ- ''ਮਾਮਲੇ ਨਾਲ ਸਹੀ ਤਰੀਕੇ ਨਾਲ ਨਜਿੱਠਾਂਗੇ''

Friday, Dec 17, 2021 - 11:08 AM (IST)

ਕੋਲਕਾਤਾ- ਟੈਸਟ ਕਪਤਾਨ ਵਿਰਾਟ ਕੋਹਲੀ ਦੇ ਜਨਤਕ ਤੌਰ ’ਤੇ ਵਿਰੋਧੀ ਬਿਆਨ ਦੇ ਕੇ ਭਾਰਤੀ ਕ੍ਰਿਕਟ ਵਿਚ ਤੂਫ਼ਾਨ ਲਿਆਉਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਮਾਮਲੇ ’ਤੇ ਵਿਸਤਾਰ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਬੋਰਡ ਇਸ ਨਾਲ ਨਜਿੱਠ ਲਵੇਗਾ।

ਦੱਖਣੀ ਅਫਰੀਕਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਕੋਹਲੀ ਨੇ ਕਿਹਾ ਸੀ ਕਿ ਜਦ ਉਨ੍ਹਾਂ ਨੇ ਟੀ-20 ਟੀਮ ਦੀ ਕਪਤਾਨੀ ਛੱਡਣ ਦੇ ਆਪਣੇ ਇਰਾਦੇ ਬਾਰੇ ਦੱਸਿਆ ਸੀ ਤਾਂ ਉਨ੍ਹਾਂ ਨੂੰ ਕਦੀ ਕਪਤਾਨ ਬਣੇ ਰਹਿਣ ਲਈ ਨਹੀਂ ਕਿਹਾ ਗਿਆ। ਇਹ ਗਾਂਗੁਲੀ ਦੇ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਉਲਟ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਕੋਹਲੀ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਅਹੁਦਾ ਨਹੀਂ ਛੱਡਣਗੇ। ਗਾਂਗੁਲੀ ਨੇ ਵੀਰਵਾਰ ਨੂੰ ਕਿਹਾ ਕਿ ਕੋਈ ਬਿਆਨ, ਪ੍ਰੈੱਸ ਕਾਨਫਰੰਸ ਨਹੀਂ। ਅਸੀਂ ਇਸ ਨਾਲ ਨਜਿੱਠਾਂਗੇ, ਇਹ ਬੀ. ਸੀ. ਸੀ. ਆਈ. ’ਤੇ ਛੱਡ ਦਿਓ। ਅਜਿਹੀ ਚਰਚਾ ਸੀ ਕਿ ਬੀ. ਸੀ. ਸੀ. ਆਈ ਨੇ ਕੋਹਲੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਚੋਣ ਕਮੇਟੀ ਦੇ ਪ੍ਰਧਾਨ ਚੇਤਨ ਸ਼ਰਮਾ ਨੂੰ ਮੀਡੀਆ ਨੂੰ ਸੰਬੋਧਨ ਕਰਨ ਲਈ ਕਿਹਾ ਸੀ ਪਰ ਬੋਰਡ ਨੇ ਕੋਈ ਬਿਆਨਬਾਜ਼ੀ ਨਹੀਂ ਕੀਤੀ।

ਬੁੱਧਵਾਰ ਨੂੰ ਕੋਹਲੀ ਦੇ ਬਿਆਨ ਨਾਲ ਪ੍ਰਸ਼ਾਸਕਾਂ ਦੇ ਨਾਲ ਉਨ੍ਹਾਂ ਦਾ ਤਣਾਅ ਸਾਹਮਣੇ ਆਇਆ ਹੈ। ਕੋਹਲੀ ਨੇ ਗਾਂਗੁਲੀ ਦੇ ਬਿਆਨ ਦੇ ਸੰਦਰਭ ਵਿਚ ਕਿਹਾ ਸੀ ਕਿ ਜੋ ਫ਼ੈਸਲਾ ਕੀਤਾ ਗਿਆ ਉਸ ਨੂੰ ਲੈ ਕੇ ਜੋ ਵੀ ਸੰਵਾਦ ਹੋਇਆ, ਉਸ ਬਾਰੇ ਜੋ ਵੀ ਕਿਹਾ ਗਿਆ ਉਹ ਗ਼ਲਤ ਹੈ। ਜਦ ਮੈਂ ਟੀ-20 ਕਪਤਾਨੀ ਛੱਡੀ ਤਾਂ ਮੈਂ ਪਹਿਲਾਂ ਬੀ. ਸੀ. ਸੀ. ਆਈ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਬਾਰੇ ਦੱਸਿਆ ਤੇ ਉਨ੍ਹਾਂ ਦੇ ਅਹੁਦੇਦਾਰਾਂ ਸਾਹਮਣੇ ਆਪਣਾ ਨਜ਼ਰੀਆ ਰੱਖਿਆ। ਭਾਰਤੀ ਕਪਤਾਨ ਨੇ ਗਾਂਗੁਲੀ ਦੇ ਕੁਝ ਦਿਨ ਪਹਿਲਾਂ ਦੇ ਬਿਆਨ ਤੋਂ ਉਲਟ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕਾਰਨ ਦੱਸੇ ਕਿ ਆਖ਼ਰ ਕਿਉਂ ਮੈਂ ਟੀ-20 ਕਪਤਾਨੀ ਛੱਡਣਾ ਚਾਹੁੰਦਾ ਹਾਂ ਤੇ ਮੇਰੇ ਨਜ਼ਰੀਏ ਨੂੰ ਚੰਗੀ ਤਰ੍ਹਾਂ ਸਮਝਿਆ ਗਿਆ। ਕੁਝ ਗ਼ਲਤ ਨਹੀਂ ਸੀ, ਕੋਈ ਝਿਜਕ ਨਹੀਂ ਸੀ ਤੇ ਇਕ ਵਾਰ ਵੀ ਨਹੀਂ ਕਿਹਾ ਗਿਆ ਕਿ ਤੁਹਾਨੂੰ ਟੀ-20 ਕਪਤਾਨੀ ਨਹੀਂ ਛੱਡਣੀ ਚਾਹੀਦੀ। ਇਸ ਤੋਂ ਪਹਿਲਾਂ ਗਾਂਗੁਲੀ ਨੇ ਕਿਹਾ ਸੀ ਕਿ ਕੋਹਲੀ ਦੇ ਟੀ-20 ਕਪਤਾਨੀ ਛੱਡਣ ਦੇ ਫ਼ੈਸਲੇ ’ਤੇ ਦੁਬਾਰਾ ਵਿਚਾਰ ਨਾ ਕਰਨ ਦੇ ਕਾਰਨ ਚੋਣਕਾਰਾਂ ਨੂੰ ਸੀਮਤ ਓਵਰਾਂ ਦੇ ਫਾਰਮੈਟ ਵਿਚ ਰੋਹਿਤ ਨੂੰ ਕਪਤਾਨ ਬਣਾਉਣਾ ਪਿਆ ਕਿਉਂਕਿ ਦੋ ਫਾਰਮੈਟਾਂ ਵਿਚ ਦੋ ਵੱਖ ਵੱਖ ਕਪਤਾਨ ਹੋਣ ਨਾਲ ਮੁਸ਼ਕਲ ਸਥਿਤੀ ਪੈਦਾ ਹੋ ਸਕਦੀ ਹੈ।


Tarsem Singh

Content Editor

Related News