ਫ੍ਰੈਂਚ ਓਪਨ : ਜੋਕੋਵਿਚ ਦੂਜੇ ਦੌਰ ’ਚ ਪੁੱਜਾ

Tuesday, May 26, 2026 - 02:03 PM (IST)

ਫ੍ਰੈਂਚ ਓਪਨ : ਜੋਕੋਵਿਚ ਦੂਜੇ ਦੌਰ ’ਚ ਪੁੱਜਾ

ਪੈਰਿਸ- ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦਿਨ ਕੁਝ ਉਮਰਦਰਾਜ਼ ਖਿਡਾਰੀਆਂ ਨੇ ਆਪਣਾ ਜਲਵਾ ਦਿਖਾਇਆ, ਜਿਨ੍ਹਾਂ ’ਚ ਨੋਵਾਕ ਜੋਕੋਵਿਚ ਪ੍ਰਮੁੱਖ ਸੀ। ਉਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ 39 ਸਾਲ ਦੀ ਉਮਰ ’ਚ ਵੀ ਉਹ ਆਪਣੇ ਨੌਜਵਾਨ ਵਿਰੋਧੀਆਂ ’ਤੇ ਭਾਰੂ ਪੈ ਸਕਦਾ ਹੈ। ਜੋਕੋਵਿਚ ਨੂੰ ਪਹਿਲੇ ਦੌਰ ’ਚ ਨਾ ਸਿਰਫ਼ ਆਪਣੇ ਤੋਂ ਲਗਭਗ ਅੱਧੀ ਉਮਰ ਦੇ ਸਥਾਨਕ ਖਿਡਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਸਗੋਂ ਇਨ੍ਹਾਂ ਨੂੰ ਦਰਸ਼ਕਾਂ ਦਾ ਵੀ ਸਮਰਥਨ ਨਹੀਂ ਮਿਲ ਰਿਹਾ ਸੀ।

ਜੋਕੋਵਿਚ ਨੇ ਆਪਣੇ ਰਿਕਾਰਡ 82ਵੇਂ ਗ੍ਰੈਂਡ ਸਲੈਮ ’ਚ ਫਰਾਂਸ ਦੇ 22 ਸਾਲਾ ਖਿਡਾਰੀ ਜੀਓਵਾਨੀ ਮਪੇਟਸ਼ੀ ਪੈਰੀਕਾਰਡ ਤੋਂ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ 2 ਘੰਟੇ 51 ਮਿੰਟ ਤੱਕ ਚੱਲੇ ਮੈਚ ’ਚ 5-7, 7-5, 6-1, 6-4 ਨਾਲ ਜਿੱਤ ਹਾਸਲ ਕੀਤੀ।

ਆਪਣੇ 39ਵੇਂ ਜਨਮਦਿਨ ਦੇ ਠੀਕ 2 ਦਿਨ ਬਾਅਦ ਕੋਰਟ ’ਤੇ ਕਦਮ ਰੱਖਦੇ ਹੀ ਜੋਕੋਵਿਚ ਨੇ ਪੁਰਸ਼ਾਂ ’ਚ ਸਭ ਤੋਂ ਵੱਧ ਗ੍ਰੈਂਡ ਸਲੈਮ ਖੇਡਣ ਦਾ ਰਿਕਾਰਡ ਬਣਾ ਦਿੱਤਾ। ਉਸ ਨੇ ਰੋਜਰ ਫੈੱਡਰਰ ਤੇ ਫੇਲੀਸੀਆਨੋ ਲੋਪੇਜ਼ ਨੂੰ ਪਿੱਛੇ ਛੱਡਿਆ। ਜੋਕੋਵਿਚ ਨੇ ਇਨ੍ਹਾਂ 82 ਗ੍ਰੈਂਡ ਸਲੈਮਜ਼ ’ਚੋਂ ਰਿਕਾਰਡ 24 ਜਿੱਤੇ ਹਨ। ਜੋਕੋਵਿਚ ਰਿਕਾਰਡ 22ਵੀਂ ਵਾਰ ਫ੍ਰੈਂਚ ਓਪਨ ਦੇ ਪੁਰਸ਼ ਸਿੰਗਲਜ਼ ’ਚ ਖੇਡ ਰਿਹਾ ਹੈ। ਇਸ ਤਰ੍ਹਾਂ ਉਸ ਨੇ ਫਰਾਂਸੀਸੀ ਖਿਡਾਰੀ ਰਿਚਰਡ ਗੈਸਕੇਟ ਤੇ ਐਂਟੋਨੀ ਜੇਂਟੀਅਨ ਦੀ ਬਰਾਬਰੀ ਕਰ ਲਈ ਹੈ। ਉਹ ਇਥੇ ਪਿਛਲੇ 20 ਟੂਰਨਾਮੈਂਟ ’ਚੋਂ 19 ’ਚ ਘੱਟ ਤੋਂ ਘੱਟ ਕੁਆਰਟਰ ਫਾਈਨਲ ਤੱਕ ਪਹੁੰਚਿਆ ਹੈ। ਉਸ ਨੇ 2016, 2021 ਅਤੇ 2023 ’ਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ।


author

Tarsem Singh

Content Editor

Related News