ਵਿੰਬਲਡਨ ਦੇ ਮਹਿਲਾ ਸਿੰਗਲਜ਼ ’ਚ ਵਾਪਸੀ ਕਰੇਗੀ 44 ਸਾਲਾ ਸੇਰੇਨਾ

Tuesday, Jun 23, 2026 - 01:28 PM (IST)

ਵਿੰਬਲਡਨ ਦੇ ਮਹਿਲਾ ਸਿੰਗਲਜ਼ ’ਚ ਵਾਪਸੀ ਕਰੇਗੀ 44 ਸਾਲਾ ਸੇਰੇਨਾ

ਸਪੋਰਟਸ ਡੈਸਕ- ਸੇਰੇਨਾ ਵਿਲੀਅਮਜਸ ਨੇ ਤਿੰਨ ਹਫਤੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ 4 ਸਾਲਾਂ ਬਾਅਦ ਪੇਸ਼ੇਵਰ ਟੈਨਿਸ ’ਚ ਵਾਪਸੀ ਕਰ ਰਹੀ ਹੈ ਪਰ ਹੁਣ ਸਪੱਸ਼ਟ ਹੋ ਗਿਆ ਹੈ ਕਿ ਇਹ ਧਾਕੜ ਖਿਡਾਰਨ 44 ਸਾਲ ਦੀ ਉਮਰ ’ਚ ਵਿੰਬਲਡਨ ਦੇ ਮਹਿਲਾ ਸਿੰਗਲਜ਼ ’ਚ ਆਪਣਾ ਜਲਵਾ ਦਿਖਾਏਗੀ। ਪਿਛਲੇ ਤਿੰਨ ਹਫਤਿਆਂ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਵਿੰਬਲਡਨ ਦੇ ਸਿੰਗਲਜ਼ ’ਚ ਖੇਡੇਗੀ ਜਾਂ ਨਹੀਂ ਪਰ ਹੁਣ ਆਲ ਇੰਗਲੈਂਡ ਕਲੱਬ ਨੇ ਸਭ ਕੁਝ ਸਾਫ ਕਰ ਦਿੱਤਾ ਹੈ।

ਆਲ ਇੰਗਲੈਂਡ ਕਲੱਬ ਨੇ ਗ੍ਰਾਸ ਕੋਰਟ ’ਤੇ ਹੋਣ ਵਾਲੇ ਇਸ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ 8 ਦਿਨ ਪਹਿਲਾਂ ਬਿਆਨ ਜਾਰੀ ਕਰਕੇ ਕਿਹਾ, ‘‘ਸੇਰੇਨਾ ਵਿਲੀਅਮਜਸ (ਅਮਰੀਕਾ) ਨੂੰ ਮਹਿਲਾ ਸਿੰਗਲਜ਼ ਵਰਗ ’ਚ ਆਖਰੀ ਵਾਈਲਡ ਕਾਰਡ ਦਿੱਤਾ ਗਿਆ ਹੈ।’’

ਸੇਰੇਨਾ ਇਸ ਤਰ੍ਹਾਂ ਵਿੰਬਲਡਨ ’ਚ ਸਿੰਗਲਜ਼ ਤੇ ਡਬਲਜ਼ ਦੋਵਾਂ ’ਚ ਖੇਡੇਗੀ। ਉਸ ਨੇ ਪਹਿਲਾਂ ਹੀ ਆਪਣੀ ਵੱਡੀ ਭੈਣ ਵੀਨਸ ਦੇ ਨਾਲ ਡਬਲਜ਼ ਮੁਕਾਬਲੇ ਦੇ ਲਈ ਵਾਈਲਡ ਕਾਰਡ ਸਵੀਕਾਰ ਕਰ ਲਿਆ ਹੈ।


author

Tarsem Singh

Content Editor

Related News