ਸਾਬਕਾ ਚੈਂਪੀਅਨ ਭਾਰਤ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ’ਚ ਚੀਨ ਨੂੰ 3-0 ਨਾਲ ਹਰਾਇਆ

Sunday, Sep 08, 2024 - 07:11 PM (IST)

ਸਾਬਕਾ ਚੈਂਪੀਅਨ ਭਾਰਤ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ’ਚ ਚੀਨ ਨੂੰ 3-0 ਨਾਲ ਹਰਾਇਆ

ਹੁਲੁਨਬੂਈਰ (ਚੀਨ)– ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ ਮੇਜ਼ਬਾਨ ਚੀਨ ’ਤੇ 3-0 ਦੀ ਸ਼ਾਨਦਾਰ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਭਾਰਤ ਲਈ ਸੁਖਜੀਤ ਸਿੰਘ (14ਵੇਂ ਮਿੰਟ), ਉੱਤਮ ਸਿੰਘ (27ਵੇਂ ਮਿੰਟ) ਤੇ ਅਭਿਸ਼ੇਕ (32ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਚੀਨ ਇਕ ਵੀ ਗੋਲ ਨਹੀਂ ਕਰ ਸਕਿਆ।
ਓਲੰਪਿਕ ਵਿਚ ਲਗਾਤਾਰ ਦੂਜਾ ਕਾਂਸੀ ਤਮਗਾ ਹਾਸਲ ਕਰਨ ਤੋਂ ਬਾਅਦ ਟੂਰਨਾਮੈਂਟ ਵਿਚ ਖੇਡਣ ਉਤਰੀ ਭਾਰਤੀ ਹਾਕੀ ਟੀਮ ਨੇ ਸ਼ੁਰੂਆਤ ਵਿਚ ਮਿਲੇ ਮੌਕਿਆਂ ਦਾ ਫਾਇਦਾ ਚੁੱਕਿਆ ਤੇ ਡਿਫੈਂਸ ਵਿਚ ਵੀ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ।
ਸੁਖਜੀਤ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿਚ ਭਾਰਤ ਨੂੰ ਬੜ੍ਹਤ ਦਿਵਾਈ ਜਦਕਿ ਦੂਜੇ ਕੁਆਰਟਰ ਦੀ ਸਮਾਪਤੀ ਤੋਂ ਠੀਕ 3 ਮਿੰਟ ਪਹਿਲਾਂ ਉੱਤਮ ਸਿੰਘ ਨੇ ਬੜ੍ਹਤ ਦੁੱਗਣੀ ਕਰ ਦਿੱਤੀ, ਜਿਸ ਨਾਲ ਭਾਰਤ ਪਹਿਲੇ ਹਾਫ ਤੱਕ 2-0 ਨਾਲ ਅੱਗੇ ਹੋ ਗਿਆ। ਖੇਡ ਫਿਰ ਤੋਂ ਸ਼ੁਰੂ ਹੋਣ ਦੇ ਠੀਕ ਦੋ ਮਿੰਟ ਬਾਅਦ ਅਭਿਸ਼ੇਕ ਨੇ ਸ਼ਾਨਦਾਰ ਰਿਵਰਸ ਹਿੱਟ ਨਾਲ ਗੋਲ ਕੀਤਾ। ਭਾਰਤ ਪੂਲ-ਏ ਵਿਚ ਆਪਣੇ ਦੂਜੇ ਮੈਚ ਵਿਚ ਸੋਮਵਾਰ ਨੂੰ ਹੁਣ ਜਾਪਾਨ ਨਾਲ ਭਿੜੇਗਾ।
ਪਿਛਲੇ ਸਾਲ ਭਾਰਤ ਨੇ ਘਰੇਲੂ ਮੈਦਾਨ ’ਤੇ ਇਹ ਟੂਰਨਾਮੈਂਟ ਜਿੱਤਿਆ ਸੀ, ਜਿਸ ਨਾਲ ਉਹ ਇਸ ਟੂਰਨਾਮੈਂਟ ਦੇ ਇਤਿਹਾਸ ਵਿਚ ਚਾਰ ਖਿਤਾਬ ਜਿੱਤਣ ਵਾਲੀ ਇਕਲੌਤੀ ਟੀਮ ਬਣ ਗਈ ਸੀ। ਹੋਰਨਾਂ ਮੈਚਾਂ ਵਿਚ ਮਲੇਸ਼ੀਆ ਨੇ ਪਾਕਿਸਤਾਨ ਨੂੰ 2-2 ਨਾਲ ਬਰਾਬਰੀ ’ਤੇ ਰੋਕਿਆ ਜਦਕਿ ਜਾਪਾਨ ਤੇ ਕੋਰੀਆ ਨੇ 5-5 ਨਾਲ ਡਰਾਅ ਖੇਡਿਆ।


author

Aarti dhillon

Content Editor

Related News