ਫੁੱਟਬਾਲਰ ਅਨਵਰ ਅਲੀ ਦੀ ਮੁਅੱਤਲੀ ਵਾਪਸ

Saturday, Sep 14, 2024 - 11:06 AM (IST)

ਨਵੀਂ ਦਿੱਲੀ–ਦਿੱਲੀ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੀ ਪਲੇਅਰਸ ਸਟੇਟਸ ਕਮੇਟੀ (ਪੀ. ਐੱਸ. ਸੀ.) ਭਾਰਤ ਦੇ ਡਿਫੈਂਡਰ ਅਨਵਰ ਅਲੀ ਨੂੰ ਮੁਅੱਤਲ ਕਰਨ ਦਾ ਆਪਣਾ ਹੁਕਮ ਵਾਪਸ ਲੈ ਲਵੇਗੀ। ਏ. ਆਈ. ਐੱਫ. ਐੱਫ. ਵੱਲੋਂ ਪੇਸ਼ ਵਕੀਲ ਨੇ ਜੱਜ ਸੰਜੀਵ ਨਰੂਲਾ ਦੇ ਸਾਹਮਣੇ ਕਿਹਾ ਕਿ ਇਸ ਮੁੱਦੇ ’ਤੇ ਸ਼ਨੀਵਾਰ ਨੂੰ ਕਮੇਟੀ ਵੱਲੋਂ ਨਵੇਂ ਸਿਰੇ ਤੋਂ ਵਿਚਾਰ ਕੀਤੀ ਜਾਵੇਗੀ ਤੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ‘ਵਿਸਥਾਰਪੂਰਵਕ ਹੁਕਮ’ ਪਾਸ ਕੀਤਾ ਜਾਵੇਗਾ।
ਅਦਾਲਤ ਪੀ. ਐੱਸ. ਸੀ. ਦੇ ਫੈਸਲੇ ਵਿਰੁੱਧ ਅਲੀ ਤੇ ਉਸਦੀ ਮੌਜੂਦਾ ਟੀਮ ਈਸਟ ਬੰਗਾਲ ਤੇ ਮੂਲ ਕਲੱਬ ਦਿੱਲੀ ਐੱਫ. ਸੀ. ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਏ. ਆਈ. ਐੱਫ. ਐੱਫ. ਦੀ ਪੀ. ਐੱਸ. ਸੀ. ਨੇ 10 ਸਤੰਬਰ ਨੂੰ ਇਸ ਡਿਫੈਂਡਰ ਨੂੰ ‘ਦੋਸ਼ੀ’ ਕਰਾਰ ਦਿੰਦੇ ਹੋਏ 4 ਮਹੀਨਿਆਂ ਦੀ ਮੁਅੱਤਲੀ ਦੀ ਸਜ਼ਾ ਸੁਣਾਈ ਸੀ। ਇਸ ਦੇ ਨਾਲ ਹੀ ਉਸ ਨੇ ਅਲੀ ਤੇ ਦੋਵੇਂ ਕਲੱਬਾਂ ਨੂੰ ਮੋਹਨ ਬਾਗਾਨ ਨੂੰ 12.90 ਕਰੋੜ ਰੁਪਏ ਦਾ ਵੱਡਾ ਮੁਆਵਜ਼ਾ ਦੇਣ ਨੂੰ ਕਿਹਾ ਸੀ। ਪੀ. ਐੱਸ. ਸੀ. ਨੇ ਅਨਵਰ ਦੇ ਮੂਲ ਕਲੱਬ ਦਿੱਲੀ ਐੱਫ. ਸੀ. ਤੇ ਈਸਟ ਬੰਗਾਲ ’ਤੇ ਅਗਲੀਆਂ ਦੋ ਵਿੰਡੋ (2024-25 ਸਰਦ ਰੁੱਤ ਤੇ 2025-26 ਗਰਮ ਰੁੱਤ) ਵਿਚ ਨਵੇਂ ਖਿਡਾਰੀਆਂ ਨਾਲ ਕਰਾਰ ਕਰਨ ’ਤੇ ਵੀ ਰੋਕ ਲਾ ਦਿੱਤੀ ਸੀ।
ਅਦਾਲਤ ਨੇ ਸੁਣਵਾਈ ਦੌਰਾਨ ਕਮੇਟੀ ਵੱਲੋਂ ਸ਼ਿਕਾਇਤਕਰਤਾ ਨੂੰ ਦੱਸੇ ਗਏੇ ਕਾਰਨਾਂ ਦੀ ਕਮੀ ’ਤੇ ਏ. ਆਈ. ਐੱਫ. ਐੱਫ. ਤੋਂ ਸਵਾਲ ਕਰਨ ਦੇ ਨਾਲ ਸੰਘ ਦੇ ਵਕੀਲ ਤੋਂ ਸਾਰੇ ਪੱਖਾਂ ਨੂੰ ਨਵੇਂ ਸਿਰੇ ਤੋਂ ਸੁਣਵਾਈ ਦਾ ਮੌਕਾ ਦੇਣ ਦੇ ਨਿਰਦੇਸ਼ ਮੰਗਵਾਉਣ ਨੂੰ ਕਿਹਾ।


Aarti dhillon

Content Editor

Related News