ਫੀਫਾ ਵਿਸ਼ਵ ਕੱਪ ਦਾ ਸ਼ਾਨਦਾਰ ਉਦਘਾਟਨ: ਓਪਨਿੰਗ ਸੈਰਾਮਨੀ ’ਚ ਸ਼ਕੀਰਾ ਨੇ ਲੁੱਟੀ ਮਹਿਫਿਲ

Friday, Jun 12, 2026 - 02:21 AM (IST)

ਫੀਫਾ ਵਿਸ਼ਵ ਕੱਪ ਦਾ ਸ਼ਾਨਦਾਰ ਉਦਘਾਟਨ: ਓਪਨਿੰਗ ਸੈਰਾਮਨੀ ’ਚ ਸ਼ਕੀਰਾ ਨੇ ਲੁੱਟੀ ਮਹਿਫਿਲ

ਮੈਕਸੀਕੋ ਸਿਟੀ - ਫੀਫਾ ਵਿਸ਼ਵ ਕੱਪ-2026 ਦੀ ਸ਼ੁਰੂਆਤ ਵੀਰਵਾਰ ਰਾਤ ਨੂੰ ਵੱਕਾਰੀ ਐਸਟਾਡੀਓ ਐਜ਼ਟੇਕਾ ਸਟੇਡੀਅਮ ’ਚ ਇਕ ਸ਼ਾਨਦਾਰ ਤੇ ਸੰਗੀਤਮਈ ਉਦਘਾਟਨ ਸਮਾਰੋਹ ਨਾਲ ਹੋਈ, ਜਿੱਥੇ ਗਲੋਬਲ ਸਿਤਾਰੇ ਸ਼ਕੀਰਾ ਅਤੇ ਬਰਨਾ ਬੁਆਏ ਨੇ ਫੁੱਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ਦੀ ਸ਼ੁਰੂਆਤ ਦਾ ਜਸ਼ਨ ਮਨਾਇਆ।

ਕੋਲੰਬੀਆਈ ਸੁਪਰਸਟਾਰ ਸ਼ਕੀਰਾ ਨੇ ਟੂਰਨਾਮੈਂਟ ਦੇ ਅਧਿਕਾਰਤ ਗੀਤ ‘ਦਾਈ ਦਾਈ’ ਦੀ ਪੇਸ਼ਕਾਰੀ ਨਾਲ ਸਟੇਜ ਨੂੰ ਰੋਸ਼ਨ ਕਰ ਦਿੱਤਾ, ਜਿਸ ’ਚ ਨਾਈਜੀਰੀਆਈ ਸੰਗੀਤ ਸਨਸਨੀ ਬਰਨਾ ਬੁਆਏ ਨੇ ਉਸ ਦਾ ਸਾਥ ਦਿੱਤਾ। ਉਸ ਦੀ ਊਰਜਾ ਭਰਪੂਰ ਪੇਸ਼ਕਾਰੀ ਨੇ ਖਚਾਖਚ ਭਰੇ ਸਟੇਡੀਅਮ ਨੂੰ ਝੂਮਣ ਲਗਾ ਦਿੱਤਾ, ਕਿਉਂਕਿ ਵਿਸ਼ਵ ਕੱਪ ਦਾ ਗੀਤ ਇਸ ਇਤਿਹਾਸਕ ਸਥਾਨ ’ਤੇ ਗੂੰਜ ਉੱਠਿਆ ਅਤੇ ਗਲੋਬਲ ਖੇਡ ਉਤਸਵ ਦਾ ਮਾਹੌਲ ਬਣ ਗਿਆ।

ਸਮਾਰੋਹ ਦੀ ਸ਼ੁਰੂਆਤ ਮੈਕਸੀਕੋ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਇਕ ਸ਼ਾਨਦਾਰ ਸ਼ਰਧਾਂਜਲੀ ਨਾਲ ਹੋਈ, ਜਿਸ ’ਚ ਸੈਂਕੜੇ ਡਾਂਸਰਾਂ ਨੇ ਮੈਦਾਨ ’ਤੇ ਇਕੱਠਿਅਾਂ ਨ੍ਰਿਤ ਕੀਤਾ। ਸਟੇਡੀਅਮ ਦੇ ਕੇਂਦਰ ’ਚ ਇਕ ਵਿਸ਼ਾਲ ਵਿਸ਼ਵ ਕੱਪ ਟਰਾਫੀ ਸਥਾਪਤ ਸੀ, ਜਿਸ ਦੇ ਚਾਰੋਂ ਪਾਸੇ ਰੰਗ, ਪ੍ਰੰਪਰਾ ਤੇ ਰਾਸ਼ਟਰੀ ਗੌਰਵ ਦਾ ਇਕ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੇਸ਼ਕਾਰੀ ਹੋਈ।

PunjabKesari

ਐਸਟਾਡੀਓ ਐਜ਼ਟੇਕਾ ਸਟੇਡੀਅਮ ਦਾ ਮਾਹੌਲ ਮੈਕਸੀਕਨ ਪੌਪ ਰੌਕ ਬੈਂਡ ਮੈਨ ਦੀ ਲਾਈਵ ਪ੍ਰਫਾਰਮੈਂਸ ਨਾਲ ਹੋਰ ਵੀ ਜ਼ਿਆਦਾ ਜੋਸ਼ ਨਾਲ ਭਰ ਗਿਆ, ਜਿਸ ਦੇ ਆਉਣ ’ਤੇ ਘਰੇਲੂ ਦਰਸ਼ਕਾਂ ਨੇ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ। ਬੈਂਡ ਦੇ ਸੈੱਟ ਨੇ ਸਮਾਰੋਹ ’ਚ ਸਥਾਨਕ ਸੰਗੀਤ ਦੀ ਛਾਪ ਛੱਡੀ ਅਤੇ ਅੰਤਰਰਾਸ਼ਟਰੀ ਮਨੋਰੰਜਨ ਪ੍ਰੋਗਰਾਮਾਂ ਨਾਲ ਸਹਿਜਤਾ ਨਾਲ ਘੁਲ-ਮਿਲ ਗਿਆ।

ਸ਼ਾਮ ਨੂੰ ਕੋਲੰਬੀਆਈ ਗਾਇਕ ਜੇ. ਬਾਲਵਿਨ ਨੇ ਸਟੇਜ ’ਤੇ ਆ ਕੇ ਆਪਣੇ ਇਕ ਪ੍ਰਸਿੱਧ ਗੀਤ ਨੂੰ ਇਕ ਹੋਰ ਕਲਾਕਾਰ ਨਾਲ ਪੇਸ਼ ਕਰ ਕੇ ਮਾਹੌਲ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ। ਉਸ ਦੀ ਮੌਜੂਦਗੀ ਨੇ ਸਮਾਰੋਹ ਦੇ ਗਲੋਬਲ ਸਵਰੂਪ ਨੂੰ ਹੋਰ ਵੀ ਮਜ਼ਬੂਤ ਕੀਤਾ, ਕਿਉਂਕਿ ਇਸ ਆਯੋਜਨ ’ਚ ਲਾਤੀਨੀ ਅਮਰੀਕੀ ਤੇ ਅਫਰੀਕੀ ਸੰਗੀਤ ਦਾ ਅਦਭੁਤ ਸੰਗਮ ਦੇਖਣ ਨੂੰ ਮਿਲਿਆ।

PunjabKesari

ਇਸ ਤੋਂ ਪਹਿਲਾਂ ਸ਼ਾਮ ਨੂੰ ਹਿੱਸਾ ਲੈਣ ਵਾਲੀਆਂ ਟੀਮਾਂ ਸਟੇਡੀਅਮ ’ਚ ਪਹੁੰਚਣ ਲੱਗੀਆਂ, ਜਿਨ੍ਹਾਂ ’ਚ ਦੱਖਣੀ ਅਫਰੀਕਾ ਅਤੇ ਮੇਜ਼ਬਾਨ ਮੈਕਸੀਕੋ ਸਭ ਤੋਂ ਪਹਿਲਾਂ ਸਟੇਡੀਅਮ ਪਹੁੰਚਣ ਵਾਲੀਆਂ ਟੀਮਾਂ ’ਚ ਸ਼ਾਮਿਲ ਸਨ। ਅਧਿਕਾਰਤ ਕਿੱਕ ਆਫ ਤੋਂ ਪਹਿਲਾਂ ਵੱਧਦੀ ਉਤਸੁਕਤਾ ਨਾਲ ਦਰਸ਼ਕਾਂ ਦੀਆਂ ਗੈਲਰੀਆਂ ਹਰੇ ਅਤੇ ਜੀਵੰਤ ਰੰਗਾਂ ਨਾਲ ਭਰ ਗਈਆਂ।

3 ਮੇਜ਼ਬਾਨ ਦੇਸ਼ਾਂ ‘ਮੈਕਸੀਕੋ, ਅਮਰੀਕਾ ਅਤੇ ਕੈਨੇਡਾ’ ਦੀਆਂ 48 ਟੀਮਾਂ ਵਿਚਾਲੇ ਮੁਕਾਬਲੇ ਨਾਲ ਸਮਾਰੋਹ ਨੇ ਇਤਿਹਾਸਕ ਵਿਸ਼ਵ ਕੱਪ ਐਡੀਸ਼ਨ ਦੀ ਅਧਿਕਾਰਤ ਸ਼ੁਰੂਆਤ ਨੂੰ ਚਿੰਨ੍ਹਿਤ ਕੀਤਾ, ਜਿਸ ਨੂੰ ਵਿਆਪਕ ਤੌਰ ’ਤੇ ਟੂਰਨਾਮੈਂਟ ਦੇ ਇਤਿਹਾਸ ’ਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ।

ਐਸਟਾਡੀਓ ਐਜ਼ਟੇਕਾ ’ਚ ਆਯੋਜਿਤ ਉਦਘਾਟਨ ਸਮਾਰੋਹ ’ਚ ਸੰਗੀਤ, ਸੰਸਕ੍ਰਿਤੀ ਤੇ ਫੁੱਟਬਾਲ ਦਾ ਇਕ ਸ਼ਾਨਦਾਰ ਸੰਗਮ ਦੇਖਣ ਨੂੰ ਮਿਲਿਆ, ਜਿਸ ਨੇ ਇਸ ਖ਼ੂਬਸੂਰਤ ਖੇਡ ਦੇ 1 ਮਹੀਨੇ ਤੱਕ ਚੱਲਣ ਵਾਲੇ ਗਲੋਬਲ ਉਤਸਵ ਦੀ ਸ਼ੁਰੂਆਤ ਕੀਤੀ।
 


author

Inder Prajapati

Content Editor

Related News