ਫਿਡੇ ਵਿਸ਼ਵ ਕੱਪ: ਗੁਕੇਸ਼ ਨੂੰ ਸਿਖਰਲਾ ਦਰਜਾ ਮਿਲਿਆ
Wednesday, Oct 15, 2025 - 10:32 AM (IST)

ਸਪੋਰਟਸ ਡੈਸਕ- ਗੋਆ ’ਚ 30 ਅਕਤੂਬਰ ਤੋਂ ਸ਼ੁਰੂ ਹੋ ਰਹੇ ਫਿਡੇ ਵਿਸ਼ਵ ਕੱਪ ’ਚ ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਹੋਵੇਗਾ, ਜਿਸ ਮਗਰੋਂ ਉਸ ਦੇ ਹਮਵਤਨ ਅਰਜੁਨ ਐਰੀਗੇਸੀ ਤੇ ਆਰ ਪ੍ਰਗਨਾਨੰਦਾ ਦਾ ਸਥਾਨ ਹੈ। ਇਹ ਟੂਰਨਾਮੈਂਟ 27 ਨਵੰਬਰ ਤੱਕ ਚੱਲੇਗਾ, ਜਿਸ ਵਿੱਚ ਵਿਸ਼ਵ ਦੇ ਮੁੱਖ ਖਿਡਾਰੀ ਹਿੱਸਾ ਲੈਣਗੇ। ਡੈਨਮਾਰਕ ਦੇ ਅਨੀਸ਼ ਗਿਰੀ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ।
ਟੂਰਨਾਮੈਂਟ ’ਚ 20 ਲੱਖ ਡਾਲਰ ਦੀ ਇਨਾਮੀ ਰਾਸ਼ੀ ਹੋਵੇਗੀ ਅਤੇ ਇਸ ਵਿੱਚ 206 ਖਿਡਾਰੀ ਹਿੱਸਾ ਲੈਣਗੇ। ਇਨਾਮਾਂ ਤੋਂ ਇਲਾਵਾ ਖਿਡਾਰੀ 2026 ਕੈਂਡੀਡੇਟਸ ਟੂਰਨਾਮੈਂਟ ’ਚ ਤਿੰਨ ਸਥਾਨਾਂ ਲਈ ਵੀ ਮੁਕਾਬਲਾ ਕਰਨਗੇ। ਗੋਆ ’ਚ ਸਿਖਰਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਖਿਡਾਰੀਆਂ ਨੂੰ ਕੈਂਡੀਡੇਟਸ ’ਚ ਸਿੱਧੀ ਐਂਟਰੀ ਮਿਲੇਗੀ। ਫਿਡੇ ਵਿਸ਼ਵ ਕੱਪ ’ਚ ਅਮਰੀਕਾ ਦੇ ਵੈਸਲੀ ਸੋ ਨੂੰ 5ਵਾਂ ਦਰਜਾ ਦਿੱਤਾ ਗਿਆ ਹੈ ਜਿਸ ਮਗਰੋਂ ਕ੍ਰਮਵਾਰ ਵਿਨਸੈਂਟ ਕੀਮਰ ਵੇਈ ਯੀ, ਨੋਦਿਰਬੇਕ ਅਬਦੁਸੱਤੋਰੋਵ, ਸ਼ਾਖਰੀਯਾਰ ਮਾਮੇਦਯਾਰੋਵ ਤੇ ਹੰਸ ਨੇਈਮਨ ਦਾ ਸਥਾਨ ਹੈ। ਪੁਰਸ਼ਾਂ ਦਾ ਵਿਸ਼ਵ ਕੱਪ ਔਰਤਾਂ ਦੇ ਟੂਰਨਾਮੈਂਟ ਤੋਂ ਵੱਖ ਹੋ ਰਿਹਾ ਹੈ।