ਫਾਰੂਕ ਅਹਿਮਦ ਨੇ BCB ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
Thursday, Aug 22, 2024 - 03:28 PM (IST)
ਢਾਕਾ- ਸਾਬਕਾ ਕ੍ਰਿਕਟਰ ਅਤੇ ਮੁੱਖ ਚੋਣਕਾਰ ਫਾਰੂਕ ਅਹਿਮਦ ਨੂੰ ਨਜ਼ਮੁਲ ਹਸਨ ਪਾਪੋਨ ਦੀ ਜਗ੍ਹਾ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੀਸੀਬੀ ਨੇ ਬੁੱਧਵਾਰ ਨੂੰ ਐਮਰਜੈਂਸੀ ਮੀਟਿੰਗ ਕੀਤੀ ਜਿਸ ਵਿੱਚ 58 ਸਾਲਾ ਅਹਿਮਦ ਨੂੰ ਪ੍ਰਧਾਨ ਚੁਣਿਆ ਗਿਆ। ਨਜ਼ਮੁਲ ਹਸਨ ਨੇ ਦੇਸ਼ 'ਚ ਸਿਆਸੀ ਅਸ਼ਾਂਤੀ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਫਿਲਹਾਲ ਉਹ ਆਪਣੀ ਪਤਨੀ ਨਾਲ ਲੰਡਨ 'ਚ ਹਨ। ਬੀਸੀਬੀ ਦੇ ਪ੍ਰਧਾਨ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਸੀ।
ਨਜ਼ਮੁਲ ਹਸਨ 2009 ਤੋਂ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਪਾਰਟੀ ਅਵਾਮੀ ਲੀਗ ਦੇ ਸੰਸਦ ਮੈਂਬਰ ਸਨ। ਉਨ੍ਹਾਂ ਨੇ 5 ਅਗਸਤ ਨੂੰ 16 ਹੋਰ ਨਿਰਦੇਸ਼ਕਾਂ ਦੇ ਨਾਲ ਢਾਕਾ ਛੱਡ ਦਿੱਤਾ ਸੀ। ਬੰਗਲਾਦੇਸ਼ ਵਿੱਚ ਅਸ਼ਾਂਤੀ ਦੇ ਦੌਰਾਨ, ਸ਼ੇਖ ਹਸੀਨਾ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਇੱਕ ਅੰਤਰਿਮ ਸਰਕਾਰ ਨੂੰ ਬਦਲ ਦਿੱਤਾ ਗਿਆ ਸੀ।
'ਕ੍ਰਿਕਬਜ਼' ਮੁਤਾਬਕ ਫਾਰੂਕ ਨੇ ਕਿਹਾ, ''ਮੈਂ ਪਹਿਲਾਂ ਚੋਣਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਮੈਂ ਇਸ ਪ੍ਰਣਾਲੀ ਦਾ ਵਿਰੋਧ ਕੀਤਾ ਸੀ। ਹੁਣ ਮੇਰਾ ਉਦੇਸ਼ ਅਜਿਹਾ ਸਿਸਟਮ ਬਣਾਉਣਾ ਹੈ ਜੋ ਬੋਰਡ ਨੂੰ ਸੁਚਾਰੂ ਢੰਗ ਨਾਲ ਚਲਾ ਸਕੇ। ਫਾਰੂਕ ਨੇ 1988 ਤੋਂ 1999 ਦਰਮਿਆਨ ਬੰਗਲਾਦੇਸ਼ ਲਈ ਸੱਤ ਵਨਡੇ ਮੈਚ ਖੇਡੇ। ਉਨ੍ਹਾਂ ਨੇ ਦੋ ਵਾਰ (2003 ਤੋਂ 2007 ਅਤੇ 2013 ਤੋਂ 2016 ਤੱਕ) ਬੀਸੀਬੀ ਦੇ ਮੁੱਖ ਚੋਣਕਾਰ ਵਜੋਂ ਵੀ ਕੰਮ ਕੀਤਾ। ਚੋਣ ਪ੍ਰਕਿਰਿਆ ਨੂੰ ਲੈ ਕੇ ਅਸਹਿਮਤੀ ਦੇ ਚੱਲਦਿਆਂ ਉਨ੍ਹਾਂ ਨੇ ਆਪਣਾ ਦੂਜਾ ਕਾਰਜਕਾਲ ਪੂਰਾ ਕੀਤੇ ਬਿਨਾਂ ਹੀ ਅਸਤੀਫਾ ਦੇ ਦਿੱਤਾ। ਇਸ ਦੌਰਾਨ ਰਾਸ਼ਟਰੀ ਖੇਡ ਪ੍ਰੀਸ਼ਦ (ਐੱਨਐੱਸਸੀ) ਨੇ ਜਲਾਲ ਯੂਨੁਸ ਅਤੇ ਅਹਿਮਦ ਸੱਜਾਦੁਲ ਆਲਮ ਦੀ ਥਾਂ ਅਹਿਮਦ ਅਤੇ ਇੱਕ ਪ੍ਰਮੁੱਖ ਸਥਾਨਕ ਕੋਚ ਨਜ਼ਮੁਲ ਅਬੇਦੀਨ ਨੂੰ ਆਪਣਾ ਨਵਾਂ ਨਿਰਦੇਸ਼ਕ ਨਿਯੁਕਤ ਕੀਤਾ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸਟਾਰ ਕ੍ਰਿਕਟਰ ਅਤੇ ਅਵਾਮੀ ਲੀਗ ਦੇ ਸੰਸਦ ਮੈਂਬਰ ਸ਼ਾਕਿਬ ਅਲ ਹਸਨ ਨੂੰ ਪਾਕਿਸਤਾਨ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਖੇਡਣ ਦੀ ਇਜਾਜ਼ਤ ਦਿੱਤੀ ਪਰ ਫਾਰੂਕ ਨੇ ਕਿਹਾ ਕਿ ਉਹ ਆਲਰਾਊਂਡਰ ਦੀ ਸਥਿਤੀ 'ਤੇ ਚਰਚਾ ਕਰਨਗੇ। ਉਨ੍ਹਾਂ ਨੇ ਕਿਹਾ, ''ਅਸੀਂ ਸ਼ਾਕਿਬ ਦੀ ਸਥਿਤੀ 'ਤੇ ਚਰਚਾ ਕਰਾਂਗੇ ਅਤੇ ਇਹ ਵੀ ਦੇਖਾਂਗੇ ਕਿ ਕੀ ਉਹ ਮੌਜੂਦਾ ਹਾਲਾਤ 'ਚ ਖੇਡਣਾ ਜਾਰੀ ਰੱਖ ਸਕਦੇ ਹਨ। ਅਸੀਂ ਦੌਰੇ ਦੌਰਾਨ ਖਿਡਾਰੀਆਂ ਦੇ ਆਚਰਣ ਨੂੰ ਲੈ ਕੇ ਨਿਯਮ ਜੋੜਨ 'ਤੇ ਵੀ ਵਿਚਾਰ ਕਰ ਰਹੇ ਹਾਂ।
ਬੀਸੀਬੀ ਪ੍ਰਧਾਨ ਨੇ ਚੰਡਿਕਾ ਹਥਰੂਸਿੰਘਾ ਨੂੰ ਰਾਸ਼ਟਰੀ ਟੀਮ ਦੇ ਮੁੱਖ ਕੋਚ ਵਜੋਂ ਬਰਕਰਾਰ ਨਾ ਰੱਖਣ 'ਤੇ ਵੀ ਆਪਣਾ ਰੁਖ਼ ਦੁਹਰਾਇਆ।