ਜੋਕੋਵਿਚ ਨੇ ਹੈਲੇਨਿਕ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ
Monday, Nov 10, 2025 - 11:01 AM (IST)
ਸਪੋਰਟਸ ਡੈਸਕ- ਚੌਵੀ ਗਰੈਂਡਸਲੈਮ ਜੇਤੂ ਨੋਵਾਕ ਜੋਕੋਵਿਚ ਨੇ ਹੈਲੇਨਿਕ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਦੇ ਨਾਲ ਹੀ ਉਸ ਨੇ ਲਗਾਤਾਰ ਦੂਜੇ ਸਾਲ ਏ ਟੀ ਪੀ ਫਾਈਨਲਜ਼ ’ਚੋਂ ਹਟਣ ਦਾ ਐਲਾਨ ਕੀਤਾ ਹੈ। ਸਰਬੀਆਈ ਖਿਡਾਰੀ ਜੋਕੋਵਿਚ ਨੇ ਲਗਭਗ ਤਿੰਨ ਘੰਟੇ ਚੱਲੇ ਫਾਈਨਲ ’ਚ ਲੋਰੈਂਜ਼ੋ ਮੁਸੈਟੀ ਨੂੰ ਹਰਾ ਕੇ ਹੈਲੇਨਿਕ ਚੈਂਪੀਅਨਸ਼ਿਪ ਜਿੱਤਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਫ਼ੈਸਲਾ ਕੀਤਾ। ਜੋਕੋਵਿਚ ਨੇ ਕਿਹਾ ਕਿ ਮੋਢੇ ਦੀ ਸੱਟ ਕਾਰਨ ਉਹ ਤੂਰਿਨ (ਇਟਲੀ) ਵਿੱਚ ਸ਼ੁਰੂ ਹੋਣ ਵਾਲੇ ਸਿਖਰਲੇ ਅੱਠ ਖਿਡਾਰੀਆਂ ਦੇ ਸੈਸ਼ਨ ਦੇ ਆਖਰੀ ਟੂਰਨਾਮੈਂਟ ’ਚ ਨਹੀਂ ਖੇਡ ਸਕੇਗਾ।
ਜੋਕੋਵਿਚ ਸੱਤ ਵਾਰ ਏ ਟੀ ਪੀ ਫਾਈਨਲਜ਼ ਜਿੱਤ ਚੁੱਕਿਆ ਹੈ ਪਰ ਪਿਛਲੇ ਸਾਲ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਬਾਹਰ ਰਿਹਾ ਸੀ। ਉਸ ਨੇ ਲੰਘੇ ਦਿਨ ਮੁਸੈਟੀ ਨੂੰ 4-6, 6-3, 7-5 ਨਾਲ ਹਰਾ ਕੇ ਆਪਣੇ ਕਰੀਅਰ ਦਾ 101ਵਾਂ ਖਿਤਾਬ ਜਿੱਤਿਆ। ਉਸ ਨੇ ਹਾਰਡ ਕੋਰਟ ’ਤੇ ਆਪਣਾ 72ਵਾਂ ਖ਼ਿਤਾਬ ਜਿੱਤ ਕੇ ਪੁਰਸ਼ ਵਰਗ ’ਚ ਰਿਕਾਰਡ ਕਾਇਮ ਕੀਤਾ, ਜੋ ਰੋਜਰ ਫੈਡਰਰ ਤੋਂ ਇੱਕ ਵੱਧ ਹੈ।
