ਜੋਕੋਵਿਚ ਦੀ ਸੰਘਰਸ਼ਪੂਰਨ ਜਿੱਤ, ਸਿਨਰ ਤੇ ਗਾਫ ਵੀ ਦੂਜੇ ਦੌਰ ’ਚ

Tuesday, Jan 14, 2025 - 10:53 AM (IST)

ਜੋਕੋਵਿਚ ਦੀ ਸੰਘਰਸ਼ਪੂਰਨ ਜਿੱਤ, ਸਿਨਰ ਤੇ ਗਾਫ ਵੀ ਦੂਜੇ ਦੌਰ ’ਚ

ਮੈਲਬੋਰਨ– ਨੋਵਾਕ ਜੋਕੋਵਿਚ ਦੀ ਆਪਣੇ ਸਾਬਕਾ ਵਿਰੋਧੀ ਐਂਡੀ ਮਰੇ ਦੇ ਕੋਚ ਰਹਿੰਦਿਆਂ ਸ਼ੁਰੂਆਤ ਜ਼ਿਆਦਾ ਚੰਗੀ ਨਹੀਂ ਰਹੀ ਤੇ ਉਸ ਨੂੰ ਸੋਮਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੈਚ ਵਿਚ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਖੇਡ ਰਹੇ 19 ਸਾਲਾ ਨਿਸ਼ੇਸ਼ ਬਾਸਵਰੇਡੀ ਵਿਰੁੱਧ ਜਿੱਤ ਲਈ ਪਸੀਨਾ ਵਹਾਉਣਾ ਪਿਆ।

ਰਿਕਾਰਡ 24 ਵਾਰ ਦਾ ਗ੍ਰੈਂਡ ਸਲੈਮ ਜੇਤੂ ਜੋਕੋਵਿਚ ਪਹਿਲੇ ਸੈੱਟ ਵਿਚ ਹਾਰ ਗਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਆਪਣੇ ਤਜਰਬੇ ਦਾ ਚੰਗਾ ਇਸਤੇਮਾਲ ਕੀਤਾ ਤੇ ਆਖਿਰ ਵਿਚ 4-6, 6-3, 6-4, 6-2 ਨਾਲ ਜਿੱਤ ਦਰਜ ਕਰਕੇ ਮੈਲਬੋਰਨ ਪਾਰਕ ਵਿਚ 11ਵੀਂ ਵਾਰ ਚੈਂਪੀਅਨ ਬਣਨ ਵੱਲ ਕਦਮ ਵਧਾਏ।

ਜੋਕੋਵਿਚ ਨੇ ਮਰੇ ਦੇ ਬਾਰੇ ਵਿਚ ਕਿਹਾ,‘‘ਨਿਸ਼ਚਿਤ ਤੌਰ ’ਤੇ ਉਸ ਨੂੰ ਆਪਣੇ ਕਾਰਨਰ ’ਤੇ ਬੈਠੇ ਦੇਖ ਕੇ ਮੈਂ ਕਾਫੀ ਖੁਸ਼ ਸੀ। ਇਹ ਥੋੜ੍ਹਾ ਅਜੀਬ ਤਜਰਬਾ ਸੀ ਕਿਉਂਕਿ ਅਸੀਂ ਪਿਛਲੇ 20 ਸਾਲਾਂ ਤੋਂ ਇਕ ਦੂਜੇ ਵਿਰੁੱਧ ਖੇਡ ਰਹੇ ਹਾਂ। ਉਸਦਾ ਹੁਣ ਮੇਰੇ ਨਾਲ ਹੋਣਾ ਸ਼ਾਨਦਾਰ ਹੈ। ਉਸ ਨੇ ਮੈਚ ਦੌਰਾਨ ਮੈਨੂੰ ਕੁਝ ਚੰਗੀ ਸਲਾਹ ਦਿੱਤੀ।’’

ਇਸ ਤੋਂ ਪਹਿਲਾਂ ਦੂਜੇ ਟਾਈਬ੍ਰੇਕਰ ਵਿਚ ਖਰਾਬ ਡ੍ਰਾਪ ਸ਼ਾਟ ’ਤੇ ਇਕ ਸੈੱਟ ਅੰਕ ਗਵਾਉਣ ਤੋਂ ਬਾਅਦ ਯਾਨਿਕ ਸਿਨਰ ਨੇ ਦਮਦਾਰ ਵਾਪਸੀ ਕਰਦੇ ਹੋਏ ਪਹਿਲੇ ਦੌਰ ਵਿਚ ਨਿਕੋਲਸ ਜੈਰੀ ਨੂੰ 7-6, 7-6, 6-1 ਨਾਲ ਹਰਾਇਆ। ਟੂਰਨਾਮੈਂਟ ਤੋਂ ਪਹਿਲਾਂ 2024 ਦੇ ਡੋਪਿੰਗ ਮਾਮਲਿਆਂ ਵਿਚ ਸੁਰਖੀਆਂ ਵਿਚ ਰਹੇ ਸਿਨਰ ਤੇ ਮਹਿਲਾ ਵਰਗ ਵਿਚ ਇਕ ਨੰਬਰ ਇਗਾ ਸਵਿਯਾਤੇਕ ਨੇ ਜਿੱਤ ਦੇ ਨਾਲ ਆਗਾਜ਼ ਕੀਤਾ। ਸਿਨਰ ਦੀ ਇਹ ਟੂਰ ’ਤੇ ਅਤੇ ਗ੍ਰੈਂਡ ਸੈਲਮ ਵਿਚ ਹਾਰਡ ਕੋਰਟ ’ਤੇ ਲਗਾਤਾਰ 15ਵੀਂ ਜਿੱਤ ਹੈ।

ਸਿਨਰ ਨੇ ਇੱਥੇ ਪਿਛਲੇ ਸਾਲ ਫਾਈਨਲ ਵਿਚ ਡੈਨੀਅਲ ਮੇਦਵੇਦੇਵ ਨੂੰ ਹਰਾ ਕੇ ਪਹਿਲਾ ਗ੍ਰੈਂਡ ਸਲੈਮ ਜਿੱਤਿਆ ਸੀ ਜਦਕਿ ਸੈਮੀਫਾਈਨਲ ਵਿਚ 10 ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾ ਦਿੱਤਾ ਸੀ।

ਮਹਿਲਾ ਵਰਗ ਵਿਚ ਪੋਲੈਂਡ ਦੀ ਸਵਿਯਾਤੇਕ ਨੇ ਕੈਟਰੀਨਾ ਸਿਨਿਯਾਕੋਵਾ ਨੂੰ 6-3, 6-4 ਨਾਲ ਹਰਾਇਆ। ਅਮਰੀਕਾ ਦੀ ਤੀਜਾ ਦਰਜਾ ਪ੍ਰਾਪਤ ਕੋਕੋ ਗਾਫ ਨੇ 2020 ਦੀ ਚੈਂਪੀਅਨ ਸੋਫੀਆ ਕੇਨਿਨ ਨੂੰ ਸਿੱਧੇ ਸੈੱਟਾਂ ਵਿਚ 6-3, 6-3 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਗਾਫ ਨੇ ਨਵੰਬਰ ਵਿਚ ਡਬਲਯੂ. ਟੀ. ਏ. ਫਾਈਨਲਜ਼ ਜਿੱਤਿਆ ਸੀ ਤੇ ਪਿਛਲੇ ਹਫਤੇ ਯੂਨਾਈਟਿਡ ਕੱਪ ਜਿੱਤ ਕੇ ਆਪਣੀਆਂ  ਤਿਆਰੀਆਂ ਪੁਖਤਾ ਕੀਤੀਆਂ। ਅਮਰੀਕਾ ਦੇ ਹੀ 20 ਸਾਲਾ ਐਲਕਸ ਮਿਚੇਲਸੇਨ ਨੇ 2023 ਆਸਟ੍ਰੇਲੀਅਨ ਓਪਨ ਉਪ ਜੇਤੂ ਸਟੇਫਾਨੋਸ ਸਿਤਸਿਪਾਸ ਨੂੰ ਪਹਿਲੇ ਹੀ ਦੌਰ ਵਿਚ 7-5, 6-3, 2-6, 6-4 ਨਾਲ ਹਰਾ ਕੇ ਉਲਟਫੇਰ ਕਰ ਦਿੱਤਾ। ਗਾਫ ਦਾ ਸਾਹਮਣਾ ਹੁਣ ਬ੍ਰਿਟੇਨ ਦੀ ਜੌਡੀ ਬਰਾਜ ਨਾਲ ਹੋਵੇਗਾ।


author

Tarsem Singh

Content Editor

Related News