ਦੁਧੀਆ ਰੌਸ਼ਨੀ 'ਚ ਸਪਿਨਰਾਂ ਦਾ ਸਾਹਮਣਾ ਕਰਨਾ ਮੁਸ਼ਕਿਲ : ਕੁਲਦੀਪ
Monday, Dec 14, 2020 - 03:32 AM (IST)
ਸਿਡਨੀ– ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਆਸਟਰੇਲੀਆ ਵਿਰੁੱਧ ਪਹਿਲੇ ਡੇ-ਨਾਈਟ ਟੈਸਟ ਕ੍ਰਿਕਟ ਮੈਚ ਵਿਚ ਉਸ ਨੂੰ ਆਖਰੀ-11 ਵਿਚ ਰੱਖਣਾ ਗਲਤ ਫੈਸਲਾ ਨਹੀਂ ਹੋਵੇਗਾ ਕਿਉਂਕਿ ਦੁਧੀਆ ਰੌਸ਼ਨੀ ਵਿਚ ਸਪਿਨਰਾਂ ਨੂੰ ਸਮਝਣਾ ਬੱਲੇਬਾਜ਼ਾਂ ਲਈ ਕਾਫੀ ਮੁਸ਼ਕਿਲ ਹੁੰਦਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਲੋਂ ਖੇਡਣ ਵਾਲੇ ਕੁਲਦੀਪ ਨੇ ਐਡੀਲੇਡ ਵਿਚ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਡੇ-ਨਾਈਟ ਟੈਸਟ ਮੈਚ ਦੇ ਸਬੰਧ ਵਿਚ ਗੱਲ ਕੀਤੀ। ਉਸ ਨੇ ਕਿਹਾ, ''ਮੇਰਾ ਮੰਨਣਾ ਹੈ ਕਿਉਂਕਿ ਸਪਿਨਰ ਵੱਖ-ਵੱਖ ਵੈਰੀਏਸ਼ਨ ਦਾ ਇਸਤੇਮਾਲ ਕਰਦੇ ਹਨ ਤੇ ਅਜਿਹੇ ਵਿਚ ਗੇਂਦ ਦੀ ਸਿਲਾਈ ਦੀ ਸਥਿਤੀ ਦਾ ਅੰਦਾਜ਼ਾ ਲਾਉਣਾ ਆਸਾਨ ਨਹੀਂ ਹੁੰਦਾ ਹੈ। ਇਹ ਸਾਡੇ ਲਈ ਫਾਇਦੇ ਵਾਲੀ ਗੱਲ ਹੈ।''
ਭਾਰਤ ਦਾ ਇਹ ਵਿਦੇਸ਼ ਵਿਚ ਪਹਿਲਾ ਡੇ-ਨਾਈਟ ਟੈਸਟ ਮੈਚ ਹੋਵੇਗਾ। ਉਸ ਨੇ ਇਸ ਤੋਂ ਪਹਿਲਾਂ 2019 ਵਿਚ ਕੋਲਕਾਤਾ ਵਿਚ ਗੁਲਾਬੀ ਗੇਂਦ ਨਾਲ ਮੈਚ ਖੇਡਿਆ ਸੀ। ਕੁਲਦੀਪ ਨੇ ਕਿਹਾ, ''ਮੈਨੂੰ ਭਾਰਤ ਦੇ ਬਾਹਰ ਗੁਲਾਬੀ ਗੇਂਦ ਨਾਲ ਮੈਚ ਖੇਡਣ ਦਾ ਤਜਰਬਾ ਨਹੀਂ ਹੈ, ਇਸ ਲਈ ਇਹ ਦੇਖਣਾ ਰੋਮਾਂਚਕ ਹੋਵੇਗਾ ਕਿ ਇਸ ਮੈਚ ਵਿਚ ਖੇਡ ਕਿਵੇਂ ਅੱਗੇ ਵਧਦੀ ਹੈ।''
ਉਸਨੇ ਕਿਹਾ,''ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਆਸਟਰੇਲੀਆਈ ਹਾਲਾਤ ਵਿਚ ਸਪਿਨਰਾਂ ਦਾ ਦਬਦਬਾ ਨਹੀਂ ਰਹੇਗਾ। ਅਜਿਹੀਆਂ ਕਈ ਘਟਨਾਵਾਂ ਹਨ, ਜਦਕਿ ਸਪਿਨਰਾਂ ਨੇ ਇੱਥੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਪੂਰੀ ਤਰ੍ਹਾਂ ਨਾਲ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਹਾਲਾਤ ਨਾਲ ਕਿੰਨੀ ਜਲਦੀ ਤਾਲਮੇਲ ਬਿਠਾਉਂਦੇ ਹੋ।''
ਕੁਲਦੀਪ ਨੇ ਕਿਹਾ, ''ਅਸੀਂ ਹਾਲ ਹੀ ਵਿਚ ਕਾਫੀ ਟੀ-20 ਕ੍ਰਿਕਟ ਖੇਡੀ ਹੈ। ਟੈਸਟ ਕ੍ਰਿਕਟ ਖੇਡਦੇ ਹੋਏ ਸਬਰ ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਮਾਨਸਿਕ ਦ੍ਰਿੜਤਾ ਕਾਫੀ ਮਹੱਤਵਪੂਰਨ ਹੁੰਦੀ ਹੈ। ਛੋਟੇ ਸਵਰੂਪ ਵਿਚ ਲੰਬੇ ਸਵਰੂਪ ਵਿਚ ਖੇਡਣ 'ਤੇ ਤੁਸੀਂ ਕਈ ਚੀਜ਼ਾਂ ਨੂੰ ਜਲਦੀ-ਜਲਦੀ ਅਜਮਾਉਣ ਦੀ ਕੋਸ਼ਿਸ਼ ਕਰਦੇ ਹੋ। ਟੈਸਟ ਕ੍ਰਿਕਟ ਵਿਚ ਵਿਕਟ ਅਸਾਨੀ ਨਾਲ ਨਹੀਂ ਮਿਲਦੀ, ਇਸਦੇ ਲਈ ਸਬਰ ਰੱਖਣਾ ਮਹੱਤਵਪੂਰਨ ਹੁੰਦਾ ਹੈ।''
ਕੁਲਦੀਪ ਨੇ ਹੁਣ ਤਕ ਛੇ ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਦੋ ਮੈਚਾਂ ਉਸ ਨੇ ਆਸਰੇਲੀਆ ਵਿਰੁੱਧ ਖੇਡੇ ਹਨ। ਉਸ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਚੰਗਾ ਪ੍ਰਦਰਸ਼ਨ ਕਰਦੇ ਹਨ ਤੇ ਬੱਲੇਬਾਜ਼ ਲੈਅ ਬਣਾਈ ਰੱਖਦੇ ਹਨ ਤਾਂ ਭਾਰਤ ਇਸ ਵਾਰ ਵੀ ਲੜੀ ਜਿੱਤ ਸਕਦਾ ਹੈ। ਉਸ ਨੇ ਕਿਹਾ,''ਅਸੀਂ ਪਿਛਲੀ ਵਾਰ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਇਸ ਲਈ ਅਸੀਂ ਲੜੀ ਜਿੱਤੇ ਸਨ। ਜੇਕਰ ਅਸੀਂ ਚੰਗਾ ਪ੍ਰਦਰਸ਼ਨ ਕਰਦੇ ਹਾਂ ਤੇ ਬੱਲੇਬਾਜ਼ ਵੀ ਪਿਛਲੀ ਵਾਰ ਦੀ ਤਰ੍ਹਾਂ ਖੇਡਦਾ ਹੈ ਤਾਂ ਅਸ਼ੀਂ ਇਸ ਵਾਰ ਵੀ ਜਿੱਤਾਂਗੇ।''
ਨੋਟ- ਦੁਧੀਆ ਰੌਸ਼ਨੀ 'ਚ ਸਪਿਨਰਾਂ ਦਾ ਸਾਹਮਣਾ ਕਰਨਾ ਮੁਸ਼ਕਿਲ : ਕੁਲਦੀਪ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।