ਟੀ-20 ਮੁੰਬਈ ਲੀਗ : ਧਵਲ ਕੁਲਕਰਣੀ ਬਣਿਆ ਈਗਲ ਠਾਣੇ ਸਟ੍ਰਾਈਕਰਜ਼ ਦਾ ਹੈੱਡ ਕੋਚ
Wednesday, May 27, 2026 - 01:07 PM (IST)
ਠਾਣੇ (ਮਹਾਰਾਸ਼ਟਰ)- ਆਗਾਮੀ ਟੀ-20 ਮੁੰਬਈ ਲੀਗ 2026 ਲਈ ਈਗਲ ਠਾਣੇ ਸਟ੍ਰਾਈਕਰਜ਼ ਨੇ ਘਰੇਲੂ ਤੇ ਕੌਮਾਂਤਰੀ ਕ੍ਰਿਕਟ ’ਚ ਲੰਬਾ ਤਜਰਬਾ ਰੱਖਣ ਵਾਲੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਧਵਲ ਕੁਲਕਰਣੀ ਨੂੰ ਟੀਮ ਦਾ ਹੈੱਡ ਕੋਚ ਨਿਯੁਕਤ ਕੀਤਾ ਹੈ। ਪਿਛਲੇ ਸੀਜ਼ਨ ’ਚ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਈਗਲ ਠਾਣੇ ਸਟ੍ਰਾਈਕਰਜ਼ ਇਸ ਵਾਰ ਉਸ ਦੇ ਮਾਰਗਦਰਸ਼ਨ ’ਚ ਖਿਤਾਬੀ ਜੰਗ ਲਈ ਲੜਦੀ ਨਜ਼ਰ ਆਵੇਗੀ।
ਹੈੱਡ ਕੋਚ ਨਿਯੁਕਤ ਕੀਤੇ ਜਾਣ ਤੋਂ ਬਾਅਦ ਧਵਲ ਕੁਲਕਰਣੀ ਨੇ ਟੀਮ ਨਾਲ ਜੁੜਨ ਤੇ ਖਿਡਾਰੀਆਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹ ਪ੍ਰਗਟ ਕਰਦਿਆਂ ਕਿਹਾ, ‘ਹੁਣ ਤੱਕ ਦਾ ਤਜਰਬਾ ਬਹੁਤ ਚੰਗਾ ਰਿਹਾ ਹੈ, ਟੀਮ ਦਾ ਹਰ ਖਿਡਾਰੀ ਉਤਸ਼ਾਹਿਤ ਹੈ ਅਤੇ ਆਪਣਾ ਸਰਵਸ੍ਰੇਸ਼ਠ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਖਿਡਾਰੀ ਜ਼ਿੰਮੇਵਾਰੀ ਲੈਣ ਅਤੇ ਦਲੇਰੀ ਨਾਲ ਕ੍ਰਿਕਟ ਖੇਡਣ।’
ਆਗਾਮੀ ਸੀਜ਼ਨ ਲਈ ਆਪਣੀ ਰਣਨੀਤੀ ਸਾਂਝੀ ਕਰਦਿਆਂ ਸਾਬਕਾ ਭਾਰਤੀ ਗੇਂਦਬਾਜ਼ ਨੇ ਕਿਹਾ, ‘ਸਾਡੀ ਰਣਨੀਤੀ ਦਾ ਮੁੱਖ ਆਧਾਰ ਹੀ ਫੋਕਸ ਹੈ, ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਚੀਜ਼ਾਂ ਸਰਲਤਾ ਨਾਲ ਕੀਤੀਆਂ ਜਾਣ। ਅਸੀਂ ਇਕ ਸਮੇਂ ’ਚ ਇਕ ਮੈਚ ’ਚ ਧਿਆਨ ਦੇਣਾ ਚਾਹੁੰਦੇ ਹਾਂ ਅਤੇ ਇਹੀ ਸਾਡੀ ਪਹਿਲ ਹੈ।’
