ਦਿੱਲੀ ਕੈਪੀਟਲਸ ਵਲੋਂ IPL 2023 ਲਈ ਕਪਤਾਨ ਦਾ ਐਲਾਨ, ਜ਼ਖ਼ਮੀ ਪੰਤ ਦੀ ਜਗ੍ਹਾ ਇਸ ਨੂੰ ਮਿਲੀ ਜ਼ਿੰਮੇਵਾਰੀ

03/16/2023 1:44:06 PM

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 'ਚ ਦਿੱਲੀ ਕੈਪੀਟਲਸ ਦੀ ਕਪਤਾਨੀ ਮਿਲ ਗਈ ਹੈ। ਰਿਸ਼ਭ ਪੰਤ ਦੇ ਆਈਪੀਐਲ 2023 ਤੋਂ ਬਾਹਰ ਹੋਣ ਤੋਂ ਬਾਅਦ ਦਿੱਲੀ ਫਰੈਂਚਾਇਜ਼ੀ ਨੇ ਵਾਰਨਰ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਡੇਵਿਡ ਵਾਰਨਰ ਦਾ ਆਈਪੀਐਲ 'ਚ ਲੰਬਾ ਤਜ਼ਰਬਾ, ਉਨ੍ਹਾਂ ਦੇ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਕਪਤਾਨੀ ਦੇ ਰਿਕਾਰਡ ਨੇ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣਨ 'ਚ ਮਦਦ ਕੀਤੀ ਹੈ।

ਇਹ ਵੀ ਪੜ੍ਹੋ : WPL 2023 : RCB ਦੀ ਸ਼ਾਨਦਾਰ ਜਿੱਤ, UP ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ਡੇਵਿਡ ਵਾਰਨਰ ਲਈ ਇਹ ਦੂਜੀ ਵਾਰ ਹੋਵੇਗਾ ਜਦੋਂ ਉਹ ਦਿੱਲੀ ਫਰੈਂਚਾਇਜ਼ੀ ਦੀ ਕਮਾਨ ਸੰਭਾਲਣਗੇ। ਉਹ 2009 ਅਤੇ 2013 ਦੇ ਵਿਚਕਾਰ ਦਿੱਲੀ ਟੀਮ ਦਾ ਹਿੱਸਾ ਸਨ, ਉਨ੍ਹਾਂ ਨੇ ਆਈਪੀਐਲ 2013 'ਚ ਕੁਝ ਮੈਚਾਂ ਦੀ ਕਪਤਾਨੀ ਕੀਤੀ ਸੀ। ਇਸ ਤੋਂ ਬਾਅਦ 2014 'ਚ ਸਨਰਾਈਜ਼ਰਸ ਹੈਦਰਾਬਾਦ ਨੇ ਉਨ੍ਹਾਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ। ਉਨ੍ਹਾਂ ਨੇ ਆਪਣੀ ਕਪਤਾਨੀ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 2016 ਵਿੱਚ ਆਈਪੀਐਲ ਚੈਂਪੀਅਨ ਬਣਾਇਆ ਸੀ।

ਡੇਵਿਡ ਵਾਰਨਰ ਆਈਪੀਐਲ ਮੈਚ ਜਿੱਤਣ ਦੇ ਮਾਮਲੇ 'ਚ ਪੰਜਵੇਂ ਸਭ ਤੋਂ ਸਫ਼ਲ ਕਪਤਾਨ ਹਨ। ਉਨ੍ਹਾਂ ਨੇ 69 ਮੈਚਾਂ 'ਚ ਕਪਤਾਨੀ ਕੀਤੀ ਹੈ ਅਤੇ 35 ਮੈਚ ਜਿੱਤੇ ਹਨ। ਇਸ ਦੌਰਾਨ ਉਨ੍ਹਾਂ ਦੀ ਟੀਮ ਨੂੰ 32 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ 2 ਮੈਚ ਬਰਾਬਰ ਰਹੇ ਹਨ। ਆਈਪੀਐਲ 'ਚ ਬਤੌਰ ਕਪਤਾਨ ਵਾਰਨਰ ਦੇ ਬੱਲੇ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ 69 ਮੈਚਾਂ 'ਚ ਉਨ੍ਹਾਂ ਨੇ 47.33 ਦੀ ਬੱਲੇਬਾਜ਼ੀ ਔਸਤ ਅਤੇ 142.28 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ 2840 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 26 ਅਰਧ ਸੈਂਕੜੇ ਵੀ ਲਗਾਏ।

ਡੇਵਿਡ ਵਾਰਨਰ 2009 ਤੋਂ ਆਈਪੀਐਲ ਖੇਡ ਰਹੇ ਹਨ ਭਾਵ ਆਈਪੀਐਲ ਦੇ 15 ਵਿੱਚੋਂ ਉਹ 14 ਸੀਜ਼ਨ ਖੇਡ ਚੁੱਕੇ ਹਨ। ਇੱਥੇ ਉਨ੍ਹਾਂ ਨੇ 162 ਮੈਚਾਂ ਵਿੱਚ 5881 ਦੌੜਾਂ ਬਣਾਈਆਂ ਹਨ। ਉਹ ਆਈਪੀਐਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ਼ ਹਨ। ਕੁੱਲ ਮਿਲਾ ਕੇ ਉਹ ਆਈਪੀਐਲ ਦੇ ਚੌਥਾ ਲੀਡ ਸਕੋਰਰ ਹਨ। ਉਸ ਤੋਂ ਅੱਗੇ ਸਿਰਫ਼ ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਹਨ। ਵੈਸੇ ਵਾਰਨਰ ਬੱਲੇਬਾਜ਼ੀ ਔਸਤ ਅਤੇ ਸਟ੍ਰਾਈਕ ਰੇਟ ਦੇ ਮਾਮਲੇ 'ਚ ਆਈਪੀਐਲ ਦੇ ਇਨ੍ਹਾਂ ਟਾਪ-3 ਬੱਲੇਬਾਜ਼ਾਂ ਤੋਂ ਅੱਗੇ ਹਨ। ਵਾਰਨਰ ਦਾ ਆਈਪੀਐਲ 'ਚ ਬੱਲੇਬਾਜ਼ੀ ਔਸਤ 42 ਅਤੇ ਸਟ੍ਰਾਈਕ ਰੇਟ 140 ਹੈ।

ਇਹ ਵੀ ਪੜ੍ਹੋ : ਡੇਵਿਡ ਵਾਰਨਰ ਵਨਡੇ ਸੀਰੀਜ਼ ਤੋਂ ਪਹਿਲਾਂ ਮੁੰਬਈ ਦੀਆਂ ਸੜਕਾਂ 'ਤੇ ਕ੍ਰਿਕਟ ਖੇਡਦੇ ਆਏ ਨਜ਼ਰ , ਵੇਖੋ ਵੀਡੀਓ

ਇਸ ਤੋਂ ਇਲਾਵਾ ਦਿੱਲੀ ਕੈਪੀਟਲਸ ਨੇ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੂੰ ਆਉਣ ਵਾਲੇ ਸੀਜ਼ਨ ਲਈ ਉਪ-ਕਪਤਾਨ ਨਿਯੁਕਤ ਕੀਤਾ ਹੈ। ਅਕਸ਼ਰ ਪਟੇਲ ਆਈਪੀਐਲ ਵਿੱਚ ਪਹਿਲੀ ਵਾਰ ਲੀਡਰਸ਼ਿਪ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਅਕਸ਼ਰ ਪਟੇਲ ਨੇ ਪਿਛਲੇ ਸਾਲਾਂ ਵਿੱਚ ਆਈਪੀਐਲ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਦਿੱਲੀ ਲਈ ਪ੍ਰਮੁੱਖ ਖਿਡਾਰੀਆਂ ਵਿੱਚੋਂ ਇੱਕ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News