ਡਿਫੈਂਸ ਸਾਡੀ ਪ੍ਰਮੁੱਖਤਾ ਹੈ : ਹਰਮਨਪ੍ਰੀਤ

Tuesday, Oct 27, 2026 - 11:27 AM (IST)

ਡਿਫੈਂਸ ਸਾਡੀ ਪ੍ਰਮੁੱਖਤਾ ਹੈ : ਹਰਮਨਪ੍ਰੀਤ

ਜਲੰਧਰ– ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਟੀਮ ਡਿਫੈਂਸ ’ਚ ਸੁਧਾਰ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਉਸ ਨੇ ਆਪਣੀ ਟੀਮ ਨੂੰ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਦੱਸੇ ਜਾਣ ਨੂੰ ਜ਼ਿਆਦਾ ਤਵੱਜੋ ਨਾ ਦਿੰਦੇ ਹੋਏ ਕਿਹਾ ਕਿ ਭਾਰਤ ਦਾ ਟੀਚਾ ਇੱਥੇ ਰਿਕਾਰਡ 6ਵਾਂ ਏਸ਼ੀਆਈ ਚੈਂਪੀਅਨਜ਼ ਟਰਾਫੀ ਖਿਤਾਬ ਜਿੱਤਣਾ ਹੈ। ਹਰਮਨਪ੍ਰੀਤ ਨੇ ਇੱਥੇ ਟੂਰਨਾਮੈਂਟ ਤੋਂ ਪਹਿਲਾਂ ਆਯੋਜਿਤ ਕਪਤਾਨਾਂ ਦੀ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਡਿਫੈਂਸ ਸਾਡੀ ਪ੍ਰਮੁੱਖਤਾ ਹੈ। ਸਾਡੇ ਕੋਲ ਕਾਫੀ ਮਾਹਿਰ ਫਾਰਵਰਡ ਹਨ ਜਿਹੜੇ ਚੰਗੇ ਮੌਕੇ ਬਣਾਉਂਦੇ ਹਨ। ਜੇਕਰ ਅਸੀਂ ਰੱਖਿਆਤਮਕ ਤੇ ਹਮਲਾਵਰ, ਦੋਵਾਂ ਮੋਰਚਿਆਂ ’ਚ ਚੰਗਾ ਪ੍ਰਦਰਸ਼ਨ ਕਰਦੇ ਹਾਂ ਤਾਂ ਇਕ ਬਿਹਤਰ ਟੀਮ ਬਣ ਸਕਦੇ ਹਾਂ।’’

ਹਰਮਨਪ੍ਰੀਤ ਨੇ ਕਿਹਾ ਕਿ ਰੱਖਿਆਤਮਕ ਪ੍ਰਦਰਸ਼ਨ ’ਚ ਸੁਧਾਰ ਨਾਲ ਭਾਰਤ ਦੀ ਸਾਰੀ ਖੇਡ ’ਚ ਵੱਡਾ ਫਰਕ ਆ ਸਕਦਾ ਹੈ। ਉਸ ਨੇ ਕਿਹਾ, ‘‘ਮੈਂ ਆਪਣੇ ਰੱਖਿਆਤਮਕ ਪ੍ਰਦਰਸ਼ਨ ’ਤੇ ਧਿਆਨ ਦਿਆਂਗਾ। ਇਕ ਟੀਮ ਦੇ ਰੂਪ ’ਚ ਅਸੀਂ ਜਿਸ ਤਰ੍ਹਾਂ ਨਾਲ ਬਚਾਅ ਕਰਦੇ ਹਾਂ, ਉਸ ਨਾਲ ਸਾਡੇ ਕੁੱਲ ਪ੍ਰਦਰਸ਼ਨ ’ਤੇ ਕਾਫੀ ਫਰਕ ਪੈ ਸਕਦਾ ਹੈ। ਕੁਝ ਅਜਿਹੇ ਖੇਤਰ ਹਨ ਜਿਨ੍ਹਾਂ ’ਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ ਪਰ ਅਸੀਂ ਆਪਣੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਾਂਗੇ ਤੇ ਟੂਰਨਾਮੈਂਟ ਦੌਰਾਨ ਉਨ੍ਹਾਂ ਪਹਿਲੂਆਂ ’ਤੇ ਕੰਮ ਕਰਾਂਗੇ।’’

ਪੰਜ ਵਾਰ ਦੀ ਚੈਂਪੀਅਨ ਭਾਰਤੀ ਟੀਮ ਖਿਤਾਬ ਦੇ ਪ੍ਰਮੁੱਖ ਦਾਅਵੇਦਾਰਾਂ ’ਚ ਸ਼ਾਮਲ ਹੈ। ਉਹ ਇਸ ਪ੍ਰਤੀਯੋਗਿਤਾ ’ਚ ਭਾਗ ਲੈ ਰਹੀਆਂ ਟੀਮਾਂ ’ਚ ਵਿਸ਼ਵ ਰੈਂਕਿੰਗ ’ਚ 8ਵੇਂ ਸਥਾਨ ਦੇ ਨਾਲ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ। ਮੇਜ਼ਬਾਨ ਭਾਰਤ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਤੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਤੋਂ ਬਾਅਦ ਇਸ ਟੂਰਨਾਮੈਂਟ ’ਚ ਉਤਰ ਰਿਹਾ ਹੈ। ਹਾਲਾਂਕਿ ਹਰਮਨਪ੍ਰੀਤ ਨੇ ਕਿਹਾ ਕਿ 6 ਟੀਮਾਂ ਦੀ ਇਸ ਪ੍ਰਤੀਯੋਗਿਤਾ ’ਚ ਭਾਰਤ ਕਿਸੇ ਵੀ ਵਿਰੋਧੀ ਨੂੰ ਹਲਕੇ ’ਚ ਨਹੀਂ ਲਵੇਗਾ।

ਉਸ ਨੇ ਕਿਹਾ, ‘‘ਹਰ ਟੀਮ ਇੱਥੇ ਪ੍ਰਤੀਯੋਗਿਤਾ ਕਰਨ ਤੇ ਟੂਰਨਾਮੈਂਟ ਜਿੱਤਣ ਲਈ ਆਈ ਹੈ। ਸਾਰੀਆਂ ਟੀਮਾਂ ਮਜ਼ਬੂਤ ਹਨ ਤੇ ਅਸੀਂ ਕਿਸੇ ਵੀ ਵਿਰੋਧੀ ਨੂੰ ਹਲਕੇ ’ਚ ਨਹੀਂ ਲੈਣਾ ਚਾਹੁੰਦੇ। ਹਰ ਟੀਮ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਇੱਥੇ ਆਈ ਹੈ।’’ ਭਾਰਤ ਨੇ ਆਈਚੀ-ਨਾਗੋਆ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੀ ਟੀਮ ਦੇ ਮੁੱਖ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਟੀਮ ’ਚ ਕੁਝ ਮਾਮੂਲੀ ਬਦਲਾਅ ਕੀਤੇ ਗਏ ਹਨ ’ਤੇ ਫਾਰਵਰਡ ਆਦਿੱਤਿਆ ਲਾਲਗੇ ਅਤੇ ਡਿਫੈਂਡਰ ਅਮਨਦੀਪ ਲਾਕੜਾ ਵਰਗੇ ਨੌਜਵਾਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।


author

Tarsem Singh

Content Editor

Related News