ਡੇਵਿਸ ਕੱਪ : ਰਾਮਕੁਮਾਰ-ਬਾਲਾਜੀ ਦੀ ਜੋੜੀ ਤੇ ਸਿਧਾਰਥ ਹਾਰੇ, ਸਵੀਡਨ ਹੱਥੋਂ ਛੇਵੀਂ ਵਾਰ ਹਾਰਿਆ ਭਾਰਤ
Monday, Sep 16, 2024 - 10:59 AM (IST)
ਸਟਾਕਹੋਮ, (ਭਾਸ਼ਾ)– ਰਾਮਕੁਮਾਰ ਰਾਮਨਾਥਨ ਤੇ ਐੱਨ. ਸ਼੍ਰੀਰਾਮ ਬਾਲਾਜੀ ਟੁਕੜਿਆਂ ਵਿਚ ਹੀ ਚੰਗਾ ਪ੍ਰਦਰਸ਼ਨ ਕਰ ਸਕੇ ਤੇ ਪੁਰਸ਼ ਡਬਲਜ਼ ਦੇ ‘ਕਰੋ ਜਾਂ ਮਰੋ’ ਦੇ ਮੈਚ ’ਚ ਹਾਰ ਗਏ ਜਦਕਿ ਸਿਧਾਰਥ ਵਿਸ਼ਵਕਰਮਾ ਵੀ ਪਹਿਲੇ ਉਲਟ ਸਿੰਗਲਜ਼ ਵਿਚ ਕੋਈ ਕਮਾਲ ਨਹੀਂ ਕਰ ਸਕਿਆ, ਜਿਸ ਨਾਲ ਸਵੀਡਨ ਨੇ ਭਾਰਤ ਵਿਰੁੱਧ ਐਤਵਾਰ ਨੂੰ ਇੱਥੇ ਡੇਵਿਸ ਕੱਪ ਵਿਸ਼ਵ ਗਰੁੱਪ-1 ਦੇ ਇਸ ਮੁਕਾਬਲੇ ਵਿਚ 4-0 ਦੀ ਅਜੇਤੂ ਬੜ੍ਹਤ ਹਾਸਲ ਕੀਤੀ।
ਭਾਰਤ ਸ਼ਨੀਵਾਰ ਨੂੰ ਦੋਵੇਂ ਸਿੰਗਲਜ਼ ਮੈਚ ਹਾਰ ਗਿਆ ਸੀ ਤੇ ਮੁਕਾਬਲੇ ਵਿਚ ਬਣੇ ਰਹਿਣ ਲਈ ਉਸ ਨੂੰ ਪੁਰਸ਼ ਡਬਲਜ਼ ਵਿਚ ਜਿੱਤ ਦੀ ਲੋੜ ਸੀ ਪਰ ਰਾਮਕੁਮਾਰ ਤੇ ਬਾਲਾਜੀ 1 ਘੰਟੇ ਤੇ 19 ਮਿੰਟ ਤੱਕ ਚੱਲੇ ਮੈਚ ਵਿਚ ਆਂਦ੍ਰੇ ਗੋਰਾਨਸਨ ਤੇ ਫਿਲਿਪ ਬਰਗੇਵੀ ਹੱਥੋਂ 3-6, 4-6 ਨਾਲ ਹਾਰ ਗਏ। ਇਸ ਤਰ੍ਹਾਂ ਭਾਰਤ ਦਾ ਸਵੀਡਨ ਵਿਰੁੱਧ ਡੇਵਿਸ ਕੱਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਇਹ ਉਸਦੀ ਸਵੀਡਨ ਹੱਥੋਂ ਛੇਵੀਂ ਹਾਰ ਹੈ।
ਇਸ ਨਾਲ ਉਲਟ ਸਿੰਗਲਜ਼ ਦੇ ਮੈਚ ਰਸਮੀ ਬਣ ਗਏ ਸਨ ਪਰ ਕਪਤਾਨ ਰੋਹਿਤ ਰਾਜਪਾਲ ਨੇ ਸਾਬਕਾ ਰਾਸ਼ਟਰੀ ਚੈਂਪੀਅਨ ਸਿਧਾਰਥ ਨੂੰ ਅਜਮਾਉਣ ਦਾ ਫੈਸਲਾ ਕੀਤਾ। ਭਾਰਤ ਵੱਲੋਂ ਡੇਵਿਸ ਕੱਪ ਵਿਚ ਡੈਬਿਊ ਕਰ ਰਿਹਾ ਸਿਧਾਰਥ ਕੋਈ ਕਮਾਲ ਨਹੀਂ ਕਰ ਸਕਿਆ ਤੇ ਇਲਿਆਸ ਯਾਮੇਰ ਹੱਥੋਂ 2-6, 2-6 ਨਾਲ ਹਾਰ ਗਿਆ।