ਪੰਜਾਬ ''ਚ ਪਹਿਲੀ ਵਾਰ ਹੋਵੇਗਾ ਸਾਈਕਲਿੰਗ ਦਾ ਮਹਾਂਕੁੰਭ

Wednesday, Feb 20, 2019 - 09:39 AM (IST)

ਪੰਜਾਬ ''ਚ ਪਹਿਲੀ ਵਾਰ ਹੋਵੇਗਾ ਸਾਈਕਲਿੰਗ ਦਾ ਮਹਾਂਕੁੰਭ

ਹੁਸ਼ਿਆਰਪੁਰ— ਪੰਜਾਬ ਵਿੱਚ ਪਹਿਲੀ ਵਾਰ ਸਾਈਕਲਿੰਗ ਦਾ ਮਹਾਂਕੁੰਭ ਕਰਾਇਆ ਜਾ ਰਿਹਾ ਹੈ। ਇਸ ਵਿੱਚ ਦੇਸ਼ ਭਰ ਦੇ ਕਰੀਬ 150 ਕੌਮੀ ਤੇ ਕੌਮਾਂਤਰੀ ਸਾਈਕਲਿਸਟ ਹਿੱਸਾ ਲੈ ਰਹੇ ਹਨ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ 10 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਈਕਲ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ 'ਹੁਸ਼ਿਆਰਪੁਰ ਰਾਈਡ ਐਂਡ ਰਨ' ਈਵੈਂਟ ਕਰਾਇਆ ਜਾ ਰਿਹਾ ਹੈ। ਇਸ ਵਿੱਚ 120 ਕਿਲੋਮੀਟਰ ਦੀ ਪ੍ਰੋਫੈਸ਼ਨਲ ਸਾਈਕਲਿੰਗ ਰੇਸ ਕਰਾਈ ਜਾਏਗੀ। ਸਾਈਕਲਿੰਗ ਈਵੈਂਟ ਲਈ 5 ਲੱਖ ਰੁਪਏ ਤੇ ਹਾਫ ਮੈਰਾਥਨ ਲਈ 2 ਲੱਖ ਰੁਪਏ ਤੱਕ ਦੇ ਇਨਾਮ ਰੱਖੇ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਇਹ ਪਹਿਲਾ ਸਰਟੀਫਾਇਡ ਰੋਡ ਈਵੈਂਟ ਹੋਵੇਗਾ। ਇਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹਾ ਅੰਤਰਰਾਸ਼ਟਰੀ, ਸੈਰ-ਸਪਾਟਾ ਤੇ ਸਾਈਕਲਿੰਗ ਦੇ ਖੇਤਰ ਵਿੱਚ ਮੋਹਰੀ ਜ਼ਿਲ੍ਹਾ ਬਣ ਜਾਏਗਾ। ਉਨ੍ਹਾਂ ਦੱਸਿਆ ਕਿ ਸਾਈਕਲਿੰਗ ਰੇਸ ਤੋਂ ਇਲਾਵਾ 21 ਕਿਲੋਮੀਟਰ, 10 ਕਿਲੋਮੀਟਰ ਤੇ 5 ਕਿਲੋਮੀਟਰ ਹਾਫ ਮੈਰਾਥਨ ਵੀ ਕਰਵਾਈ ਜਾ ਰਹੀ ਹੈ। ਇਸ ਵਿੱਚ ਕਰੀਬ 12 ਹਜ਼ਾਰ ਤੋਂ ਵੱਧ ਨੌਜਵਾਨ ਹਿੱਸਾ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਹਾਫ ਮੈਰਾਥਨ ਲਈ ਸੇਵਾ ਕੇਂਦਰ, ਐਚਡੀਐਫਸੀ ਬੈਂਕ ਦੀਆਂ ਸਾਰੀਆਂ ਬਰਾਂਚਾਂ, ਪੰਜਾਬ ਬਾਈਕਰਜ਼ ਸਟੋਰ, ਹੁਸ਼ਿਆਰਪੁਰ ਤੇ ਵੈਬਸਾਈਟ www.HoshiarpurRideAndRun.com 'ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। 21 ਕਿਲੋਮੀਟਰ ਹਾਫ ਮੈਰਾਥਨ ਲਈ 400 ਰੁਪਏ ਜਦਕਿ 10 ਅਤੇ 5 ਕਿਲੋਮੀਟਰ ਲਈ 200 ਰੁਪਏ ਫੀਸ ਰੱਖੀ ਗਈ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਪੱਤਰਕਾਰਾਂ ਲਈ ਕੋਈ ਫ਼ੀਸ ਨਹੀਂ ਹੈ। ਹਾਫ ਮੈਰਾਥਨ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 5 ਮਾਰਚ ਹੈ।


author

Tarsem Singh

Content Editor

Related News