CWC 2019 : ਜੇਤੂ ਵਿਦਾਇਗੀ ਲੈਣ ਉਤਰਨਗੇ ਵਿੰਡੀਜ਼-ਅਫਗਾਨਿਸਤਾਨ

Thursday, Jul 04, 2019 - 04:35 AM (IST)

CWC 2019 : ਜੇਤੂ ਵਿਦਾਇਗੀ ਲੈਣ ਉਤਰਨਗੇ ਵਿੰਡੀਜ਼-ਅਫਗਾਨਿਸਤਾਨ

ਲੀਡਸ— ਵਿਸ਼ਵ ਕੱਪ 'ਚੋਂ ਬਾਹਰ ਹੋ ਚੁੱਕੀਆਂ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵੀਰਵਾਰ ਨੂੰ ਵਿਸ਼ਵ ਕੱਪ ਵਿਚ ਆਪਣੇ ਆਖਰੀ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਟੂਰਨਾਮੈਂਟ 'ਚੋਂ ਜੇਤੂ ਵਿਦਾਇਗੀ ਲੈਣਾ ਚਾਹੁਣਗੀਆਂ। ਦੋਵੇਂ ਹੀ ਟੀਮਾਂ ਇਸ ਵਿਸ਼ਵ ਕੱਪ ਵਿਚ ਆਪਣੀ ਛਾਪ ਛੱਡਣ 'ਚ ਨਾਕਾਮ ਰਹੀਆਂ ਅਤੇ ਟੂਰਨਾਮੈਂਟ 'ਚੋਂ ਬਾਹਰ ਹੋ ਗਈਆਂ। ਅੰਕ ਸੂਚੀ ਵਿਚ ਵੈਸਟਇੰਡੀਜ਼ ਦੇ 8 ਮੈਚਾਂ ਵਿਚ 1 ਜਿੱਤ, 6 ਹਾਰ ਅਤੇ 1 ਰੱਦ ਨਤੀਜੇ ਨਾਲ 3 ਅੰਕ ਹਨ, ਜਦਕਿ ਅਫਗਾਨਿਸਤਾਨ ਦੀ ਟੀਮ ਇਸ ਵਿਸ਼ਵ ਕੱਪ ਵਿਚ ਇਕ ਵੀ ਮੁਕਾਬਲਾ ਜਿੱਤਣ 'ਚ ਨਾਕਾਮ ਰਹੀ ਹੈ। ਉਸ ਦਾ 8 ਮੈਚਾਂ ਵਿਚ 1 ਵੀ ਅੰਕ ਨਹੀਂ ਹੈ। ਵਿੰਡੀਜ਼ ਅਤੇ ਅਫਗਾਨਿਸਤਾਨ ਅੰਕ ਸੂਚੀ 'ਚ ਕ੍ਰਮਵਾਰ 9ਵੇਂ ਅਤੇ 10ਵੇਂ ਨੰਬਰ 'ਤੇ ਕਾਬਜ਼ ਹਨ।
ਵਿੰਡੀਜ਼ ਦੀ ਟੀਮ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਵੱਡਾ ਉਲਟਫੇਰ ਕਰਦੇ ਹੋਏ ਪਾਕਿਸਤਾਨ ਨੂੰ ਹਰਾਇਆ ਸੀ। ਉਸ ਨੇ ਇਸ ਟੂਰਨਾਮੈਂਟ ਵਿਚ ਆਪਣੀ ਦਮਦਾਰ ਹਾਜ਼ਰੀ ਦਰਜ ਕੀਤੀ ਸੀ। ਉਸ ਤੋਂ ਬਾਅਦ ਵਿੰਡੀਜ਼ ਦੀ ਟੀਮ ਲਗਾਤਾਰ ਆਪਣੇ ਮੁਕਾਬਲੇ ਹਾਰਦੀ ਰਹੀ ਅਤੇ ਸਮਾਂ ਰਹਿੰਦੇ ਵਾਪਸੀ ਨਹੀਂ ਕਰ ਸਕੀ। ਵਿੰਡੀਜ਼ ਦੇ ਬੱਲੇਬਾਜ਼ ਵੱਡੀਆਂ ਸਾਂਝੇਦਾਰੀਆਂ ਕਰਨ ਵਿਚ ਫੇਲ ਰਹੇ ਅਤੇ ਗੇਂਦਬਾਜ਼ ਵੀ ਕੱਸੀ ਹੋਈ ਗੇਂਦਬਾਜ਼ੀ ਨਹੀਂ ਕਰ ਸਕੇ।
ਵੈਸਟਇੰਡੀਜ਼ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ ਸ਼੍ਰੀਲੰਕਾ ਹੱਥੋਂ 23 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਇਕ ਸਮੇਂ ਇਸ ਮੁਕਾਬਲੇ ਵਿਚ ਵਿੰਡੀਜ਼ ਦਾ ਪੱਲੜਾ ਭਾਰੀ ਲੱਗ ਰਿਹਾ ਸੀ ਪਰ ਨਿਕੋਲਸ ਪੂਰਨ ਦੇ ਆਊਟ ਹੁੰਦਿਆਂ ਹੀ ਇਹ ਮੁਕਾਬਲਾ ਵੀ ਵੈਸਟਇੰਡੀਜ਼ ਦੇ ਹੱਥੋਂ ਨਿਕਲ ਗਿਆ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੈਸਟਇੰਡੀਜ਼ ਦਾ ਇਸ ਵਿਸ਼ਵ ਕੱਪ ਵਿਚ ਆਖਰੀ ਮੁਕਾਬਲਾ ਟੂਰਨਾਮੈਂਟ ਦੀ ਸਭ ਤੋਂ ਫਿਸੱਡੀ ਸਾਬਤ ਹੋਈ ਅਫਗਾਨਿਸਤਾਨ ਦੀ ਟੀਮ ਨਾਲ ਹੋਵੇਗਾ। ਉਸ ਦੀਆਂ ਨਜ਼ਰਾਂ ਜਿੱਤ ਦੇ ਨਾਲ ਆਪਣਾ ਅਭਿਆਨ ਸਮਾਪਤ ਕਰਨ 'ਤੇ ਲੱਗੀਆਂ ਹੋਣਗੀਆਂ। ਉਥੇ ਹੀ ਅਫਗਾਨਿਸਤਾਨ ਵੀ ਆਪਣਾ ਆਖਰੀ ਮੈਚ ਜਿੱਤ ਕੇ ਟੂਰਨਾਮੈਂਟ ਵਿਚ ਇਕ ਜਿੱਤ ਨਾਲ ਵਿਦਾਇਗੀ ਲੈਣਾ ਚਾਹੇਗਾ। ਅਫਗਾਨਿਸਤਾਨ ਨੇ ਆਪਣੇ ਪਿਛਲੇ 2 ਮੁਕਾਬਲਿਆਂ ਵਿਚ ਕਾਫੀ ਵਧੀਆ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ। ਉਸ ਨੇ ਭਾਰਤ ਨੂੰ ਸਿਰਫ 224 ਦੌੜਾਂ ਦੇ ਸਕੋਰ 'ਤੇ ਰੋਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਖਿਲਾਫ ਵੀ ਕੱਸੀ ਹੋਈ ਗੇਂਦਬਾਜ਼ੀ ਕੀਤੀ ਸੀ। ਪਾਕਿਸਤਾਨ ਨੂੰ ਜਿੱਤਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਉਹ ਵੱਡਾ ਉਲਟਫੇਰ ਕਰਨ ਤੋਂ ਖੁੰਝ ਗਈ ਸੀ।
5 'ਚੋਂ 3 ਮੁਕਾਬਲੇ ਅਫਗਾਨਿਸਤਾਨ ਦੇ ਨਾਂ
ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਲਈ ਇਸ ਵਿਸ਼ਵ ਕੱਪ ਵਿਚ ਹੁਣ ਕਰਨ ਨੂੰ ਕੁਝ ਚਾਹੇ ਨਾ ਬਚਿਆ ਹੋਵੇ ਪਰ ਦੋਵੇਂ ਹੀ ਟੀਮਾਂ ਜਿੱਤ ਨਾਲ ਸਨਮਾਨਜਨਕ ਵਿਦਾਇਗੀ ਜ਼ਰੂਰ ਲੈਣਾ ਚਾਹੁਣਗੀਆਂ, ਖਾਸ ਕਰਕੇ ਅਫਗਾਨਿਸਤਾਨ ਦੀਆਂ ਨਜ਼ਰਾਂ ਇਸ ਟੂਰਨਾਮੈਂਟ ਵਿਚ 1 ਜਿੱਤ ਦਰਜ ਕਰਨ 'ਤੇ ਲੱਗੀਆਂ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 5 ਇਕ ਦਿਨਾ ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਵਿਚੋਂ 3 ਮੈਚ ਅਫਗਾਨਿਸਤਾਨ ਨੇ ਜਿੱਤੇ ਹਨ, ਜਦਕਿ ਵੈਸਟਇੰਡੀਜ਼ ਨੂੰ 1 ਮੁਕਾਬਲੇ ਵਿਚ ਜਿੱਤ ਮਿਲੀ ਹੈ। ਦੋਵਾਂ ਵਿਚਾਲੇ 1 ਮੈਚ ਬੇਨਤੀਜਾ ਰਿਹਾ ਸੀ।
 


author

Gurdeep Singh

Content Editor

Related News