ਕ੍ਰਿਸਟੀਆਨੋ  ਰੋਨਾਲਡੋ : ਦਿ ਗੋਲ ਮਸ਼ੀਨ

Saturday, Sep 14, 2019 - 12:35 AM (IST)

ਕ੍ਰਿਸਟੀਆਨੋ  ਰੋਨਾਲਡੋ : ਦਿ ਗੋਲ ਮਸ਼ੀਨ

ਸਪੋਰਟਸ ਡੈਸਕ— ਪਿਛਲੇ ਦਿਨੀਂ  ਯੂ. ਈ. ਐੱਫ. ਏ. ਯੂਰੋ ਕੱਪ ਕੁਆਲੀਫਾਇਰ ਵਿਚ ਪੁਰਤਗਾਲ ਨੇ ਲਿਥੁਆਨੀਆ ਨੂੰ 5-1 ਨਾਲ ਹਰਾ ਦਿੱਤਾ। ਲਿਥੂਆਨੀਆ ਦੇ ਵਿਲਨੀਅਸ 'ਚ ਖੇਡੇ ਗਏ ਇਸ ਮੁਕਾਬਲੇ 'ਚ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ 4 ਗੋਲ ਕੀਤੇ। ਪੁਰਤਗਾਲ ਦੇ ਕਪਤਾਨ ਰੋਨਾਲਡੋ ਨੇ ਆਪਣਾ 160ਵਾਂ ਕੌਮਾਂਤਰੀ ਮੈਚ ਖੇਡਦੇ ਹੋਏ 4 ਗੋਲ ਕਰ ਕੇ ਇਸ ਨੂੰ ਯਾਦਗਾਰ ਬਣਾਇਆ। ਇਸ ਦੌਰਾਨ ਉਸ ਨੇ ਇੰਟਰਨੈਸ਼ਨਲ ਮੈਚ 'ਚ 8ਵੀਂ ਵਾਰ ਹੈਟ੍ਰਿਕ ਗੋਲ ਕੀਤਾ। ਕਲੱਬ ਫੁੱਟਬਾਲ ਨੂੰ ਮਿਲਾ ਕੇ ਰੋਨਾਲਡੋ ਦੇ ਕਰੀਅਰ ਦੀ ਇਹ 54ਵੀਂ ਹੈਟ੍ਰਿਕ ਹੈ। ਪੁਰਤਗਾਲ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਦੇ 93 ਇੰਟਰਨੈਸ਼ਨਲ ਗੋਲ ਹੋ ਗਏ ਹਨ। ਉਸ ਨੇ ਪੁਰਤਗਾਲ ਲਈ ਪਿਛਲੇ 27 ਮੈਚਾਂ 'ਚ 32 ਗੋਲ ਕੀਤੇ।
ਪੁਰਤਗਾਲ ਦੀ ਸਥਿਤੀ ਮਜ਼ਬੂਤ
ਯੂਰੋ 2020 ਕੁਆਲੀਫਾਇੰਗ ਟੂਰਨਾਮੈਂਟ 'ਚ ਹੌਲੀ ਸ਼ੁਰੂਆਤ ਤੋਂ ਬਾਅਦ ਪੁਰਤਗਾਲ ਨੇ ਗਰੁੱਪ-ਬੀ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ। ਹੁਣ ਉਹ ਚੋਟੀ 'ਤੇ ਕਾਬਜ਼ ਯੂਕ੍ਰੇਨ ਤੋਂ 5 ਅੰਕ ਪਿੱਛੇ ਹੈ। ਪੁਰਤਗਾਲ ਨੇ ਯੂਕ੍ਰੇਨ ਅਤੇ ਸਰਬੀਆ ਵਿਰੁੱਧ ਡਰਾਅ ਨਾਲ ਆਗਾਜ਼ ਕੀਤਾ ਸੀ ਅਤੇ ਬਾਅਦ ਵਿਚ ਲਿਥੂਆਨੀਆ ਨੂੰ ਹਰਾਇਆ। ਇਸ ਜਿੱਤ ਤੋਂ ਬਾਅਦ ਪੁਰਤਗਾਲ ਦੀ ਟੀਮ ਗਰੁੱਪ-ਬੀ ਦੀ ਅੰਕ ਸੂਚੀ 'ਚ 8 ਅੰਕਾਂ ਨਾਲ ਦੂਜੇ ਸਥਾਨ 'ਤੇ ਕਾਬਜ਼ ਹੈ।  ਆਖਰੀ ਸਥਾਨ 'ਤੇ ਮੌਜੂਦ ਲਿਥੂਆਨੀਆ ਦਾ ਸਿਰਫ 1 ਅੰਕ ਹੈ। ਪੁਰਤਗਾਲ ਹੁਣ ਆਪਣਾ ਅਗਲਾ ਮੈਚ 11 ਅਕਤੂਬਰ ਨੂੰ ਲਗਜ਼ਮਬਰਗ 'ਚ ਘਰੇਲੂ ਮੈਦਾਨ 'ਤੇ ਖੇਡੇਗੀ।

PunjabKesari
ਫੀਫਾ 'ਪਲੇਅਰ ਆਫ ਦਿ ਯੀਅਰ' ਵਿਚ ਸ਼ਾਮਲ ਰੋਨਾਲਡੋ
ਕ੍ਰਿਸਟੀਆਨੋ ਰੋਨਾਲਡੋ ਨੀਦਰਲੈਂਡ ਦੇ ਡਿਫੈਂਡਰ ਵਰਜਿਲ ਵੇਨ ਡਾਈਕ ਅਤੇ ਅਰਜਨਟੀਨਾ ਦੇ ਲਿਓਨਿਲ ਮੇਸੀ ਨਾਲ ਫੀਫਾ 'ਪਲੇਅਰ ਆਫ ਯੀਅਰ' ਦੀ ਦੌੜ 'ਚ ਬਣਿਆ ਹੋਇਆ ਹੈ। ਅਰਜਨਟੀਨਾ ਦਾ ਮੇਸੀ ਅਤੇ ਰੋਨਾਲਡੋ 5-5 ਵਾਰ ਇਹ ਐਵਾਰਡ ਜਿੱਤ ਚੁੱਕੇ ਹਨ। ਐਵਾਰਡਾਂ ਦਾ ਐਲਾਨ 23 ਸਤੰਬਰ ਨੂੰ ਕੀਤਾ ਜਾਵੇਗਾ।


author

Gurdeep Singh

Content Editor

Related News