ਚਾਵਲਾ ਦੀਆਂ 4 ਵਿਕਟਾਂ ਨਾਲ ਅਬੂਧਾਬੀ ਨਾਈਟ ਰਾਈਡਰਜ਼ ਨੇ ਗਲਫ ਜਾਇੰਟਸ ਨੂੰ ਹਰਾਇਆ
Saturday, Dec 20, 2025 - 11:24 AM (IST)
ਅਬੂਧਾਬੀ- ਭਾਰਤ ਦੇ ਸਾਬਕਾ ਸਪਿਨਰ ਪਿਯੂਸ਼ ਚਾਵਲਾ (4 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਅਬੂਧਾਬੀ ਨਾਈਟ ਰਾਈਡਰਜ਼ ਨੇ ਇੰਟਰਨੈਸ਼ਨਲ ਲੀਗ ਟੀ-20 (ਆਈ. ਐੱਸ. ਐੱਲ.-20) ਮੈਚ ’ਚ ਗਲਫ ਜਾਇੰਟਸ ਨੂੰ 4 ਗੇਂਦਾਂ ਬਾਕੀ ਰਹਿੰਦੇ 4 ਵਿਕਟਾਂ ਨਾਲ ਹਰਾਇਆ। ਟੀਮ 7 ਮੈਚਾਂ ’ਚ ਤੀਜੀ ਜਿੱਤ ਤੋਂ ਬਾਅਦ 6 ਅੰਕਾਂ ਨਾਲ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ।
ਰਹਿਮਾਨੁੱਲਾਹ ਗੁਰਬਾਜ਼ ਦੀ 45 ਗੇਂਦਾਂ ’ਚ 72 ਦੌੜਾਂ ਦੀ ਪਾਰੀ ਨਾਲ ਗਲਫ ਜਾਇੰਟਸ ਨੇ ਵੀਰਵਾਰ 7 ਵਿਕਟਾਂ ’ਤੇ 165 ਦੌੜਾਂ ਬਣਾਈਆਂ ਪਰ ਨਾਈਟ ਰਾਈਡਰਜ਼ ਨੇ 19.2 ਗੇਂਦਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਏਲੈਕਸ ਹੇਲਸ (39 ਗੇਂਦਾਂ ’ਚ 46 ਦੌੜਾਂ) ਅਤੇ ਫਿਲ ਸਾਲਟ (24 ਗੇਂਦਾਂ ’ਚ 35 ਦੌੜਾਂ) ਨੇ ਪਹਿਲੀ ਵਿਕਟ ਲਈ 44 ਗੇਂਦਾਂ ’ਚ 61 ਦੌੜਾਂ ਦੀ ਸਾਂਝੇਦਾਰੀ ਨਾਲ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ।
ਇਸ ਤੋਂ ਬਾਅਦ ਸ਼ਰਫੇਨ ਰਦਰਫੋਰਡ (30 ਦੌੜਾਂ) ਅਤੇ ਆਂਦਰੇ ਰਸੇਲ (ਅਜੇਤੂ 21 ਦੌੜਾਂ) ਨੇ ਹਮਲਾਵਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਜਿੱਤ ਦੁਆਈ। ਜਾਇੰਟਸ ਵੱਲੋਂ ਤਬਰੇਜ਼ ਸ਼ੰਮੀ ਨੇ 3 ਜਦਕਿ ਫ੍ਰੇਡ ਕਲਾਸੇਨ ਨੇ 2 ਵਿਕਟਾਂ ਲਈਆਂ।
