ਚੈਨ ਸਿੰਘ ਨੇ ਥ੍ਰੀ ਪੋਜ਼ੀਸ਼ਨ ਰਾਈਫਲ ਮੁਕਾਬਲੇ ''ਚ ਜਿੱਤਿਆ ਸੋਨ ਤਮਗਾ
Sunday, Jun 24, 2018 - 11:30 AM (IST)

ਨਵੀਂ ਦਿੱਲੀ— ਚੈਨ ਸਿੰਘ ਨੇ 2012 ਓਲੰਪਿਕ ਕਾਂਸੀ ਤਮਗਾ ਜੇਤੂ ਗਗਨ ਨਾਰੰਗ ਨੂੰ ਪਛਾੜਦੇ ਹੋਏ ਸ਼ਨੀਵਾਰ ਨੂੰ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਚਲ ਰਹੀ ਕੇ.ਐੱਸ.ਐੱਸ. ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਦੇ ਥ੍ਰੀ ਪੋਜ਼ੀਸ਼ਨ ਰਾਈਫਲ ਮੁਕਾਬਲੇ 'ਚ ਸੋਨ ਤਮਗਾ ਆਪਣੇ ਨਾਂ ਕੀਤਾ। ਫੌਜ ਦੀ ਟੀਮ ਦੀ ਨੁਮਾਇੰਦਗੀ ਕਰ ਰਹੇ ਚੈਨ ਸਿੰਘ ਨੇ ਆਪਣੇ ਸਾਥੀਆਂ ਸੁਰਿੰਦਰ ਸਿੰਘ, ਸਤਿੰਦਰ ਸਿੰਘ ਦੇ ਨਾਲ ਮਿਲ ਕੇ ਟੀਮ ਮੁਕਾਬਲੇ ਦਾ ਸੋਨ ਤਮਗਾ ਹਾਸਲ ਕੀਤਾ।
ਚੈਨ ਸਿੰਘ ਨੇ ਨਿੱਜੀ ਮੁਕਾਬਲੇ 'ਚ 452.6 ਅੰਕ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਏਅਰ ਇੰਡੀਆ ਦੀ ਨੁਮਾਇੰਦਗੀ ਕਰ ਰਹੇ ਨਾਰੰਗ 2.4 ਅੰਕ (450.2) ਤੋਂ ਖੁੰਝੇ ਗਏ। ਸੁਰਿੰਦਰ ਸਿੰਘ ਰਾਠੌੜ ਨੇ 438.3 ਅੰਕ ਨਾਲ ਕਾਂਸੀ ਤਮਗਾ ਜਿੱਤਿਆ। ਟੀਮ ਮੁਕਾਬਲੇ 'ਚ ਫੌਜ ਦੀ ਤਿਕੜੀ ਨੇ 3473 ਦਾ ਕੁੱਲ ਸਕੋਰ ਬਣਾਇਆ ਅਤੇ ਸੋਨ ਤਮਗਾ ਜਿੱਤਿਆ। ਜੂਨੀਅਰ ਵਰਗ 'ਚ 2018 ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਓਮ ਪ੍ਰਕਾਸ਼ ਮਿਠਰਵਾਲ (241.8) ਸੋਨ ਤਮਗੇ ਤੋਂ ਖੁੰਝੇ ਗਏ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਉਹ ਦੀਪਕ ਸ਼ਰਮਾ ਤੋਂ 0.2 ਅੰਕ ਨਾਲ ਪੱਛੜ ਗਏ ਜਿਨ੍ਹਾਂ ਨੇ 242 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਅਭਿਸ਼ੇਕ ਵਰਮਾ 220.8 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ।