ਬੁਮਰਾਹ ਦੀ ਸਰਜਰੀ ਅਜੇ ਨਹੀਂ, ਵਾਪਸੀ ਜਲਦੀ

Friday, Oct 25, 2019 - 10:20 PM (IST)

ਬੁਮਰਾਹ ਦੀ ਸਰਜਰੀ ਅਜੇ ਨਹੀਂ, ਵਾਪਸੀ ਜਲਦੀ

ਨਵੀਂ ਦਿੱਲੀ- ਭਾਰਤੀ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸੱਟ ਲਈ ਅਜੇ ਸਰਜਰੀ ਦੀ ਲੋੜ ਨਹੀਂ ਹੈ ਅਤੇ ਉਹ ਜਲਦ ਟੀਮ 'ਚ ਵਾਪਸੀ ਕਰ ਸਕਦਾ ਹੈ। ਬੁਮਰਾਹ ਦੇ ਹਾਲਾਂਕਿ ਅਜੇ ਵੀ ਘਰੇਲੂ ਸੈਸ਼ਨ ਦੇ ਬਾਕੀ ਮੁਕਾਬਲਿਆਂ 'ਚ ਖੇਡਣ ਦੀ ਉਮੀਦ ਨਹੀਂ ਹੈ, ਜਿਨ੍ਹਾਂ 'ਚ ਅਗਲੇ 3 ਮਹੀਨਿਆਂ 'ਚ ਬੰਗਲਾਦੇਸ਼, ਵੈਸਟਇੰਡੀਜ਼ ਤੇ ਸ਼੍ਰੀਲੰਕਾ ਖਿਲਾਫ ਹੋਣ ਵਾਲੀਆਂ ਸੀਰੀਜ਼ ਸ਼ਾਮਲ ਹਨ। ਇਸ ਤੋਂ ਪਹਿਲਾਂ ਅਕਤੂਬਰ 'ਚ ਬੁਮਰਾਹ ਨੈਸ਼ਨਲ ਕ੍ਰਿਕਟ ਅਕਾਦਮੀ ਦੇ ਪ੍ਰਮੁੱਖ ਫਿਜ਼ੀਓਥੈਰੇਪਿਸਟ ਆਸ਼ੀਸ਼ ਕੌਸ਼ਿਕ ਨਾਲ ਬ੍ਰਿਟੇਨ ਆਪਣੀ ਪਿੱਠ ਦੀ ਸਮੱਸਿਆ ਲਈ ਮਾਹਿਰਾਂ ਨਾਲ ਵੀ ਮਿਲਣ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹਾਲਾਂਕਿ ਬੁਮਰਾਹ ਦੀ ਪਿੱਠ ਦੀ ਸੱਟ ਨੂੰ ਲੈ ਕੇ ਜਨਤਕ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ । ਅਰੁਣ ਨੇ ਸੰਕੇਤ ਦਿੱਤੇ ਹਨ ਕਿ ਬੁਮਰਾਹ ਨਿਊਜ਼ੀਲੈਂਡ ਨਾਲ ਟੈਸਟ ਸੀਰੀਜ਼ ਨੂੰ ਲੈ ਕੇ ਟੀਮ 'ਚ ਵਾਪਸੀ ਕਰ ਸਕਦਾ ਹੈ । ਹਾਲਾਂਕਿ ਬੁਮਰਾਹ ਦੀ ਗੈਰ-ਹਾਜ਼ਰੀ ਦੇ ਬਾਵਜੂਦ ਟੀਮ ਨੂੰ ਉਸ ਦੀ ਘਾਟ ਮਹਿਸੂਸ ਨਹੀਂ ਹੋ ਰਹੀ, ਜਿਸ 'ਚ ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਗੇਂਦਬਾਜ਼ੀ 'ਚ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ । ਦੱਖਣੀ ਅਫਰੀਕਾ ਖਿਲਾਫ 3-0 ਦੀ ਕਲੀਨ ਸਵੀਪ 'ਚ ਉਮੇਸ਼ ਅਤੇ ਸ਼ੰਮੀ ਨੇ ਅਹਿਮ ਯੋਗਦਾਨ ਦਿੱਤਾ ਸੀ।


author

Gurdeep Singh

Content Editor

Related News