ਮੁੱਕੇਬਾਜ਼ ਅਮਿਤ ਪੰਘਾਲ ਫਿਰ ਤੋਂ ਅਰਜੁਨ ਪੁਰਸਕਾਰ ਲਈ ਨਾਮਜ਼ਦ
Tuesday, Apr 30, 2019 - 01:49 PM (IST)

ਨਵੀਂ ਦਿੱਲੀ— ਏਸ਼ੀਆਈ ਖੇਡਾਂ 2018 ਦੇ ਸੋਨ ਤਮਗਾ ਜੇਤੂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੂੰ ਮੰਗਲਵਾਰ ਨੂੰ ਭਾਰਤੀ ਮੁੱਕੇਬਾਜ਼ ਮਹਾਸੰਘ ਨੇ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਅਮਿਤ ਨੇ ਜਕਾਰਤਾ 'ਚ ਏਸ਼ੀਆਈ ਖੇਡਾਂ 'ਚ 49 ਕਿਲੋਗ੍ਰਾਮ 'ਚ ਉਜ਼ਬੇਕਿਸਤਾਨ ਦੇ ਮੌਜੂਦਾ ਓਲੰਪਿਕ ਚੈਂਪੀਅਨ ਹਸਨਬਾਇ ਦੁਸਮਾਤੋਵ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਸੀ।
ਪਿਛਲੇ ਸਾਲ ਵੀ ਅਰਜੁਨ ਪੁਰਸਕਾਰ ਲਈ ਅਮਿਤ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਸੀ। ਅਮਿਤ ਦੇ ਨਾਂ 'ਤੇ ਹਾਲਾਂਕਿ ਵਿਚਾਰ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ 2012 'ਚ ਡੋਪ ਟੈਸਟ 'ਚ ਅਸਫਲ ਰਹੇ ਸਨ। ਇਸ ਦੇ ਲਈ ਉਨ੍ਹਾਂ 'ਤੇ ਇਕ ਸਾਲ ਦਾ ਬੈਨ ਵੀ ਲੱਗਾ ਸੀ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ 'ਚ ਬੁਲਗਾਰੀਆ 'ਚ ਸਟ੍ਰੈਂਡਜਾ ਮੈਮੋਰੀਅਲ ਟੂਰਨਾਮੈਂਟ 'ਚ 52 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਨਵੇਂ ਭਾਰ ਵਰਗ 'ਚ ਸੋਨ ਤਮਗਾ ਹਾਸਲ ਕੀਤਾ ਅਤੇ ਇਸ ਵਾਰ ਵੀ ਉਨ੍ਹਾਂ ਨੇ ਦੁਸਮਾਤੋਵ ਨੂੰ ਹਰਾਇਆ ਸੀ। ਬੀ.ਐੱਫ.ਆਈ. ਨੇ ਅਮਿਤ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਦੂਜੀ ਵਾਰ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕੀਤੀ ਹੈ।