ਏ. ਆਈ. ਟੀ. ਏ. ’ਚ ਪ੍ਰਸ਼ਾਸਨਿਕ ਭੂਮਿਕਾ ਨਿਭਾਉਣ ਨੂੰ ਤਿਆਰ ਬੋਪੰਨਾ
Wednesday, May 20, 2026 - 11:25 AM (IST)
ਮੁੰਬਈ– ਧਾਕੜ ਖਿਡਾਰੀ ਰੋਹਨ ਬੋਪੰਨਾ ਨੇ ਮੰਗਲਵਾਰ ਨੂੰ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ’ਚ ਕੋਈ ਪ੍ਰਸ਼ਾਸਨਿਕ ਭੂਮਿਕਾ ਨਿਭਾਉਣ ਦੀ ਇੱਛਾ ਜ਼ਾਹਿਰ ਕੀਤੀ। ਬੋਪੰਨਾ ਨੇ ਕਿਹਾ ਕਿ ਉਹ ਅਸਲ ’ਚ ਬਦਲਾਅ ਲਿਆਉਣਾ ਪਸੰਦ ਕਰੇਗਾ। ਏ. ਆਈ. ਟੀ. ਏ. ਦੀਆਂ ਜਲਦ ਹੀ ਚੋਣਾਂ ਹੋਣ ਵਾਲੀਆਂ ਹਨ। ਪਿਛਲੇ ਮਹੀਨੇ ਦਿੱਲੀ ਹਾਈ ਕੋਰਟ ਨੇ ਸਤੰਬਰ 2024 ਦੇ ਚੋਣ ਨਤੀਜਿਆਂ ਨੂੰ ਬਰਕਰਾਰ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਚੁਣੀ ਹੋਈ ਸੰਸਥਾ ਨੂੰ ਸਿਰਫ ਇਕ ਅੰਤ੍ਰਿਮ ਵਿਵਸਥਾ ਦੇ ਤੌਰ ’ਤੇ ਕੰਮ ਕਰਨ ਦਾ ਨਿਰਦੇਸ਼ ਦਿੱਤਾ ਸੀ। ਚੁਣੇ ਹੋਏ ਲੋਕਾਂ ਨੂੰ ਅਦਾਲਤ ਵੱਲੋਂ ਨਿਯੁਕਤ ਪ੍ਰਸ਼ਾਸਕ ਸਾਬਕਾ ਮੁੱਖ ਜਸਟਿਸ ਗੀਤਾ ਮਿੱਤਲ ਦੀ ਦੇਖਰੇਖ ’ਚ ਕੰਮ ਕਰਨਾ ਸੀ। ਅਦਾਲਤ ਨੇ ਜਸਟਿਸ ਮਿੱਤਲ ਨੂੰ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਉਹ ਸੰਵਿਧਾਨ ਨੂੰ ਖੇਡ ਅਧਿਨਿਯਮ 2025 ਅਤੇ ਖੇਡ ਪ੍ਰਸ਼ਾਸਨ ਨਿਯਮ 2026 ਦੇ ਅਨੁਸਾਰ ਬਣਾਉਣ ਤੋਂ ਬਾਅਦ ਤਿੰਨ ਮਹੀਨੇ ਦੇ ਅੰਦਰ ਨਵੀਆਂ ਚੋਣਾਂ ਕਰਵਾਉਣ।
ਬੋਪੰਨਾ ਨੇ ਕਿਹਾ, ‘‘ਚੋਣਾਂ ਆਉਣ ਵਾਲੀਆਂ ਹਨ ਅਤੇ ਹਾਂ, ਜੇਕਰ ਭਾਰਤੀ ਖੇਡ ਨੂੰ ਬਦਲਣ ਦਾ ਕੋਈ ਮੌਕਾ ਮਿਲਦਾ ਹੈ ਅਤੇ ਮੈਂ ਉਸ ਦਾ ਹਿੱਸਾ ਬਣ ਪਾਉਂਦਾ ਹਾਂ ਤਾਂ ਮੈਨੂੰ ਇਸ ਨਾਲ ਜੁੜ ਕੇ ਬਹੁਤ ਖੁਸ਼ੀ ਹੋਵੇਗੀ। ਅਜਿਹੀ ਜਗ੍ਹਾ ਜਿੱਥੇ ਮੈਂ ਭਾਰਤੀ ਟੈਨਿਸ ਦੇ ਵਿਕਾਸ ’ਚ ਸੱਚਮੁੱਚ ਕੋਈ ਬਦਲਾਅ ਲਿਆ ਸਕਾਂ।’’
