ਦਿੱਲੀ ਕੈਪੀਟਲਸ ਦੀ ਕਪਤਾਨੀ ਲਈ ਅਕਸ਼ਰ ਤੇ ਰਾਹੁਲ ਵਿਚਾਲੇ ਮੁਕਾਬਲਾ
Tuesday, Mar 11, 2025 - 01:50 PM (IST)

ਨਵੀਂ ਦਿੱਲੀ– ਆਲਰਾਊਂਡਰ ਅਕਸ਼ਰ ਪਟੇਲ ਤੇ ਸੀਨੀਅਰ ਵਿਕਟਕੀਪਰ ਬੱਲੇਬਾਜ਼ ਕੇ. ਐੱਲ. ਰਾਹੁਲ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੈਸ਼ਨ ਵਿਚ ਦਿੱਲੀ ਕੈਪੀਟਲਸ ਦੀ ਕਪਤਾਨੀ ਲਈ ਦੋ ਦਾਅਵੇਦਾਰ ਹਨ, ਜਿਨ੍ਹਾਂ ਵਿਚ ਗੁਜਰਾਤ ਦੇ ਖਿਡਾਰੀ ਦਾ ਪੱਲੜਾ ਥੋੜ੍ਹਾ ਭਾਰੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੈਂਪੀਅਨਜ਼ ਟਰਾਫੀ ਦੇ ਖਤਮ ਹੋਣ ਦਾ ਇੰਤਜ਼ਾਰ ਕਰਨ ਤੋਂ ਬਾਅਦ ਫ੍ਰੈਂਚਾਈਜ਼ੀ ਦੇ ਅਧਿਕਾਰੀ ਅਗਲੇ ਕੁਝ ਦਿਨਾਂ ਵਿਚ ਆਪਣੇ ਨਵੇਂ ਕਪਤਾਨ ਦੇ ਨਾਂ ਦਾ ਐਲਾਨ ਕਰਨਗੇ।
ਕੈਪੀਟਲਸ ਦੇ ਨਾਲ ਆਪਣੇ 7ਵੇਂ ਸੈਸ਼ਨ ਵਿਚ 31 ਸਾਲਾ ਅਕਸ਼ਰ ਰਾਹੁਲ ਦੀ ਤੁਲਨਾ ਵਿਚ ਟੀਮ ਦੀ ਅਗਵਾਈ ਕਰਨ ਲਈ ਜ਼ਿਆਦਾ ਸੰਭਾਵਿਤ ਉਮੀਦਵਾਰ ਦਿਸਦਾ ਹੈ। ਰਾਹੁਲ ਪਹਿਲੀ ਵਾਰ ਦਿੱਲੀ ਦੀ ਟੀਮ ਵਿਚ ਸ਼ਾਮਲ ਹੋਵੇਗਾ। ਅਕਸ਼ਰ ਨੇ 150 ਆਈ. ਪੀ. ਐੱਲ. ਮੈਚ ਖੇਡੇ ਹਨ ਤੇ ਲੱਗਭਗ 131 ਦੀ ਸਟ੍ਰਾਈਕ ਰੇਟ ਨਾਲ 1635 ਦੌੜਾਂ ਬਣਾਈਆਂ ਹਨ ਤੇ 7.28 ਦੀ ਇਕਾਨਮੀ ਰੇਟ ਨਾਲ 123 ਵਿਕਟਾਂ ਲਈਆਂ ਹਨ। ਹਾਲਾਂਕਿ ਰਾਹੁਲ ਪਿਛਲੇ ਕੁਝ ਸਾਲਾਂ ਤੋਂ ਆਈ. ਪੀ. ਐੱਲ. ਕਪਤਾਨ ਹੈ ਤੇ ਉਸ ਨੇ ਬੀਤੇ ਸਮੇਂ ਵਿਚ ਪੰਜਾਬ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਦੀ ਅਗਵਾਈ ਕੀਤੀ ਹੈ। ਲਖਨਊ ਦੀ ਟੀਮ ਉਸਦੇ ਕਾਰਜਕਾਲ ਦੌਰਾਨ ਦੋ ਵਾਰ ਪਲੇਅ ਆਫ ਵਿਚ ਪਹੁੰਚੀ, ਹਾਲਾਂਕਿ ਇਨ੍ਹਾਂ ਵਿਚੋਂ ਸੈਸ਼ਨ ਵਿਚ ਉਹ ਜ਼ਿਆਦਾ ਸਮੇਂ ਜ਼ਖ਼ਮੀ ਰਿਹਾ। ਰਾਹੁਲ 18 ਅਪ੍ਰੈਲ ਨੂੰ 33 ਸਾਲ ਦਾ ਹੋ ਜਾਵੇਗਾ, ਉਸ ਨੇ 134 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 4683 ਦੌੜਾਂ ਬਣਾਈਆਂ ਹਨ । ਉਸ ਨੇ 132 ਮੈਚਾਂ ਵਿਚ 4 ਸੈਂਕੜੇ ਵੀ ਲਾਏ ਹਨ।