ਪੈਰਿਸ ਓਲੰਪਿਕ ''ਚ ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਨ ਵਾਲਾ ਆਸਟ੍ਰੇਲੀਆਈ ਹਾਕੀ ਖਿਡਾਰੀ ਮੁਅੱਤਲ

Wednesday, Sep 11, 2024 - 01:37 PM (IST)

ਪੈਰਿਸ ਓਲੰਪਿਕ ''ਚ ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਨ ਵਾਲਾ ਆਸਟ੍ਰੇਲੀਆਈ ਹਾਕੀ ਖਿਡਾਰੀ ਮੁਅੱਤਲ

ਸਿਡਨੀ : ਆਸਟ੍ਰੇਲੀਆਈ ਹਾਕੀ ਖਿਡਾਰੀ ਟੌਮ ਕ੍ਰੇਗ ਨੂੰ ਪੈਰਿਸ ਓਲੰਪਿਕ ਦੌਰਾਨ ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼  'ਚ ਹਾਕੀ ਆਸਟ੍ਰੇਲੀਆ ਨੇ 12 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਕ੍ਰੇਗ ਨੂੰ 7 ਅਗਸਤ ਦੀ ਰਾਤ ਨੂੰ ਪੈਰਿਸ ਵਿਚ ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਛੱਡ ਦਿੱਤਾ ਗਿਆ ਸੀ। ਫਰਾਂਸ ਦੇ ਇਸਤਗਾਸਾ ਨੇ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ 29 ਸਾਲਾ ਦੇ ਓਲੰਪੀਅਨ ਅਤੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜੇਤੂ ਆਸਟ੍ਰੇਲੀਆਈ ਖਿਡਾਰੀ ਨੂੰ ਅਪਰਾਧਿਕ ਚੇਤਾਵਨੀ ਦੇ ਕੇ ਇੱਕ ਰਾਤ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ।
ਹਾਕੀ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ, 'ਪੈਰਿਸ ਓਲੰਪਿਕ 2024 ਦੌਰਾਨ ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਟੌਮ ਕ੍ਰੇਗ ਦੀ ਗ੍ਰਿਫਤਾਰੀ ਦੀ ਜਾਂਚ ਤੋਂ ਬਾਅਦ ਹਾਕੀ ਆਸਟ੍ਰੇਲੀਆ ਦੀ ਨੈਤਿਕਤਾ ਯੂਨਿਟ ਨੇ 12 ਮਹੀਨਿਆਂ ਲਈ ਉਸ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ।' ਇਸ 'ਚ ਕਿਹਾ ਗਿਆ ਹੈ, 'ਛੇ ਮਹੀਨਿਆਂ ਲਈ ਪੂਰੀ ਤਰ੍ਹਾਂ ਨਾਲ ਮੁਅੱਤਲੀ ਰਹੇਗੀ ਅਤੇ ਬਾਕੀ ਛੇ ਮਹੀਨੇ ਉਨ੍ਹਾਂ ਦੇ ਵਰਤਾਓ 'ਤੇ ਨਿਰਭਰ ਕਰਨਗੇ।' ਹਾਕੀ ਆਸਟ੍ਰਲੀਆ ਨੇ ਕਿਹਾ ਕਿ ਕ੍ਰੇਗ 2025 ਦੇ ਲਈ ਟੀਮ ਵਿੱਚ ਚੋਣ ਦੇ ਯੋਗ ਹੋਣਗੇ। ਪੈਰਿਸ ਓਲੰਪਿਕ ਵਿੱਚ ਆਸਟ੍ਰੇਲੀਆਈ ਟੀਮ ਛੇਵੇਂ ਸਥਾਨ ’ਤੇ ਰਹੀ ਸੀ।


author

Aarti dhillon

Content Editor

Related News