IND vs AUS : ਵਧੇ ਹੋਏ ਮਨੋਬਲ ਨਾਲ ਟੀ20 ਸੀਰੀਜ਼ ''ਚ ਉਤਰੇਗੀ ਟੀਮ ਇੰਡੀਆ

12/04/2020 2:24:05 AM

ਕੈਨਬਰਾ– ਭਾਰਤੀ ਟੀਮ ਤੀਜੇ ਵਨ ਡੇ ਵਿਚ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਹੋ ਕੇ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਪਹਿਲੇ ਮੁਕਾਬਲੇ ਵਿਚ ਵਧੇ ਹੋਏ ਮਨੋਬਲ ਦੇ ਨਾਲ ਉਤਰੇਗੀ। ਭਾਰਤ ਨੇ ਸਿਡਨੀ ਵਿਚ ਪਹਿਲੇ ਦੋ ਵਨ ਡੇ 66 ਤੇ 51 ਦੌੜਾਂ ਨਾਲ ਗੁਆਏ ਸਨ ਪਰ ਕੈਨਬਰਾ ਵਿਚ ਤੀਜੇ ਮੁਕਾਬਲੇ ਵਿਚ 13 ਦੌੜਾਂ ਦੀ ਜਿੱਤ ਦੇ ਨਾਲ ਉਸ ਨੇ ਸ਼ਾਨਦਾਰ ਵਾਪਸੀ ਕੀਤੀ। ਕੈਨਬਰਾ ਦੇ ਮਾਨੁਕਾ ਓਵਲ ਮੈਦਾਨ ਵਿਚ ਆਸਟਰੇਲੀਆ ਨੂੰ ਇਸ ਤਰ੍ਹਾਂ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਟੀਮ ਹੁਣ ਇਸ ਲੈਅ ਨੂੰ ਟੀ-20 ਸੀਰੀਜ਼ ਵਿਚ ਵੀ ਬਰਕਰਾਰ ਰੱਖਣਾ ਚਾਹੇਗੀ, ਜਿਸ ਦਾ ਪਹਿਲਾ ਮੈਚ ਕੈਨਬਰਾ ਦੇ ਮਾਨੁਕਾ ਓਵਲ ਮੈਦਾਨ ਵਿਚ ਹੀ ਹੋਣਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਜੇ ਵਨ ਡੇ ਦੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਉਹ ਇਸ ਲੈਅ ਨੂੰ ਅੱਗੇ ਵੀ ਬਰਕਰਾਰ ਰੱਖਣਗੇ। ਭਾਰਤੀ ਟੀਮ ਦਾ ਪ੍ਰਦਰਸ਼ਨ ਵਨ ਡੇ ਸੀਰੀਜ਼ ਦੇ ਪਹਿਲੇ ਦੋ ਮੁਕਾਬਲਿਆਂ ਵਿਚ ਨਿਰਾਸ਼ਾਜਨਕ ਰਿਹਾ ਸੀ ਤੇ ਉਹ ਪ੍ਰਭਾਵਿਤ ਕਰਨ ਵਿਚ ਅਸਫਲ ਰਹੀ ਸੀ ਪਰ ਤੀਜੇ ਮੈਚ ਵਿਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਤੇ ਫਿਰ ਗੇਂਦਬਾਜ਼ੀ ਵਿਚ ਆਪਣਾ ਜਲਵਾ ਬਿਖੇਰਿਆ ਤੇ ਮੇਜ਼ਬਾਨ ਟੀਮ ਨੂੰ ਪਟਖਨੀ ਦੇ ਕੇ ਕਲੀਨ ਸਵੀਪ ਤੋਂ ਬਚ ਗਈ।
ਟੀਮ ਇੰਡੀਆ ਨੂੰ ਭਾਵੇਂ ਹੀ ਵਨ ਡੇ ਸੀਰੀਜ਼ ਗੁਆਉਣੀ ਪਈ ਸੀ ਪਰ ਉਸ ਨੇ ਤਿੰਨੇ ਮੁਕਾਬਲਿਆਂ ਵਿਚ ਹੀ 300 ਦਾ ਅੰਕੜਾ ਪਾਰ ਕੀਤਾ। ਪਹਿਲੇ ਦੋ ਵਨ ਡੇ ਵਿਚ ਹਾਲਾਂਕਿ ਆਸਟਰੇਲੀਆ ਨੇ ਵੱਡਾ ਸਕੋਰ ਖੜ੍ਹਾ ਕੀਤਾ ਸੀ, ਜਿਸ ਕਾਰਣ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਟੀਮ ਦੇ ਬੱਲੇਬਾਜ਼ਾਂ ਨੇ ਇਸ ਟੀਚੇ ਨੂੰ ਹਾਸਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਸੀ।
ਰਾਹੁਲ ਕਰੇਗਾ ਧਵਨ ਦੇ ਨਾਲ ਓਪਨਿੰਗ !

PunjabKesari
ਭਾਰਤੀ ਟੀਮ ਨੇ ਟੀ-20 ਲਈ ਵਾਸ਼ਿੰਗਟਨ ਸੁੰਦਰ ਤੇ ਦੀਪਕ ਚਾਹਰ ਨੂੰ ਟੀਮ ਵਿਚ ਜਗ੍ਹਾ ਦਿੱਤੀ ਹੈ। ਸ਼ਿਖਰ ਧਵਨ, ਵਿਰਾਟ ਕੋਹਲੀ, ਮਯੰਕ ਅਗਰਵਾਲ, ਲੋਕੇਸ਼ ਰਾਹੁਲ ਤੇ ਸ਼੍ਰੇਅਸ ਅਈਅਰ 'ਤੇ ਬੱਲੇਬਾਜ਼ੀ ਦਾ ਦਾਰੋਮਦਾਰ ਹੋਵੇਗਾ ਪਰ ਸੰਭਵ ਹੈ ਕਿ ਧਵਨ ਦੇ ਨਾਲ ਰਾਹੁਲ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲੇਗਾ, ਅਜਿਹੇ ਵਿਚ ਮਯੰਕ ਦਾ ਆਖਰੀ-11 ਵਿਚ ਸ਼ਾਮਲ ਹੋਣਾ ਮੁਸ਼ਕਿਲ ਹੋ ਜਾਵੇਗਾ।
ਭਾਰਤ ਦੀ ਇਸ ਸਾਲ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਦੇ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਹੋਈ ਸੀ, ਜਿਸ ਵਿਚ ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਟੀਮ ਦੇ 5-0 ਨਾਲ ਕਲੀਨ ਸਵੀਪ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਰਾਹੁਲ ਨੇ ਹਾਲ ਹੀ ਵਿਚ ਯੂ. ਏ. ਈ. ਵਿਚ ਖਤਮ ਹੋਏ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਵਿਚ ਵੀ ਬਿਹਤਰ ਪ੍ਰਦਰਸ਼ਨ ਕੀਤਾ ਸੀ ਤੇ ਟੂਰਨਾਮੈਂਟ ਦਾ ਬੈਸਟ ਸਕੋਰਰ ਰਿਹਾ ਸੀ। ਰਾਹੁਲ ਤੋਂ ਇਕ ਵਾਰ ਫਿਰ ਅਜਿਹੇ ਪ੍ਰਦਰਸ਼ਨ ਦੀ ਉਮੀਦ ਰਹੇਗੀ ਤੇ ਧਵਨ ਤੇ ਰਾਹੁਲ 'ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਰਹੇਗੀ।
ਵਿਰਾਟ ਨੂੰ ਆਪਣੀ ਫਾਰਮ ਰੱਖਣੀ ਪਵੇਗੀ ਬਰਕਰਾਰ : ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਦੂਜੇ ਮੁਕਾਬਲੇ ਵਿਚ 89 ਤੇ ਤੀਜੇ ਵਿਚ 63 ਦੌੜਾਂ ਬਣਾਈਆਂ ਸਨ। ਉਸ ਨੂੰ ਆਪਣੀ ਇਹ ਫਾਰਮ ਬਰਕਰਾਰ ਰੱਖਣੀ ਪਵੇਗੀ ਤੇ ਸਾਹਮਣੇ ਤੋਂ ਟੀਮ ਦੀ ਅਗਵਾਈ ਕਰਨੀ ਪਵੇਗੀ।

PunjabKesari
ਮੱਧਕ੍ਰਮ ਵਿਚ ਸ਼੍ਰੇਅਸ ਅਈਅਰ ਨੂੰ ਮਨੀਸ਼ ਪਾਂਡੇ ਦੇ ਉੱਪਰ ਤਵੱਜੋ ਦਿੱਤੀ ਜਾ ਸਕਦੀ ਹੈ ਜਦਕਿ ਆਲਰਾਊਂਡਰ ਵਿਭਾਗ ਵਿਚ ਹਾਰਦਿਕ ਪੰਡਯਾ ਤੇ ਰਵਿੰਦਰ ਜਡੇਜਾ ਜ਼ਿੰਮੇਵਾਰੀ ਸੰਭਾਲਣਗੇ, ਜਿਨ੍ਹਾਂ ਨੇ ਤੀਜੇ ਵਨ ਡੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੰਡਯਾ ਤੇ ਜਡੇਜਾ ਦੋਵੇਂ ਹੀ ਖਿਡਾਰੀਆਂ ਫਾਰਮ ਵਿਚ ਹਨ ਤੇ ਇਨ੍ਹਾਂ ਦੋਵਾਂ ਤੋਂ ਇਕ ਵਾਰ ਫਿਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਵਾਸ਼ਿੰਗਟਨ ਨੂੰ 6ਵੇਂ ਗੇਂਦਬਾਜ਼ ਦੇ ਰੂਪ ਵਿਚ ਉਤਾਰਿਆ ਜਾ ਸਕਦੈ : ਟੀ-20 ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਗਏ ਵਾਸ਼ਿੰਗਟਨ ਸੁੰਦਰ ਨੂੰ 6ਵੇਂ ਗੇਂਦਬਾਜ਼ ਦੇ ਰੂਪ ਵਿਚ ਉਤਾਰਿਆ ਜਾ ਸਕਦਾ ਹੈ। ਟੀਮ ਦੀ ਗੇਂਦਬਾਜ਼ੀ ਵਨ ਡੇ ਸੀਰੀਜ਼ ਵਿਚ ਫਲਾਪ ਸਾਬਤ ਹੋਈ ਸੀ ਤੇ ਗੇਂਦਬਾਜ਼ਾਂ ਨੂੰ ਪੁਰਾਣੀਆਂ ਗਲਤੀਆਂ ਤੋਂ ਸਿੱਖਿਆ ਲੈ ਕੇ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦੀ ਲੋੜ ਹੈ। ਤੇਜ਼ ਗੇਂਦਬਾਜ਼ੀ ਵਿਭਾਗ ਦਾ ਜ਼ਿੰਮਾ ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ 'ਤੇ ਹੋਵੇਗਾ। ਸ਼ੰਮੀ ਟੀਮ ਦਾ ਇਕਲੌਤਾ ਗੇਂਦਬਾਜ਼ ਸੀ, ਜਿਸ ਨੇ ਹੋਰਨਾਂ ਗੇਂਦਬਾਜ਼ਾਂ ਦੇ ਮੁਕਾਬਲੇ ਥੋੜ੍ਹਾ ਬਿਹਤਰ ਪ੍ਰਦਰਸ਼ਨ ਕੀਤਾ ਸੀ।

ਇਹ ਵੀ ਪੜ੍ਹੋ : ਇਸ ਦਿੱਗਜ ਖਿਡਾਰੀ ਦੇ ਪਿਤਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ 'ਤੇ ਫੋਟੋ ਵਾਇਰਲ
ਬੁਮਰਾਹ ਵਨ ਡੇ ਸੀਰੀਜ਼ ਵਿਚ ਆਪਣਾ ਜਲਵਾ ਬਿਖੇਰਨ ਵਿਚ ਅਸਫਲ ਰਿਹਾ ਸੀ ਤੇ ਉਸ ਨੂੰ ਟੀ-20 ਵਿਚ ਬਿਹਤਰ ਕਰਨਾ ਪਵੇਗਾ। ਇਨ੍ਹਾਂ ਦੋ ਗੇਂਦਬਾਜ਼ਾਂ ਤੋਂ ਇਲਾਵਾ ਮਨਦੀਪ ਸੈਣੀ ਤੇ ਦੀਪਕ ਚਾਹਰ ਵਿਚੋਂ ਕਿਸੇ ਇਕ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਸਪਿਨ ਵਿਭਾਗ ਵਿਚ ਯੁਜਵੇਂਦਰ ਚਾਹਲ ਮੋਰਚਾ ਸੰਭਾਲੇਗਾ।
ਆਸਟਰੇਲੀਆ ਟੀ-20 'ਚ ਦਬਦਬਾ ਬਰਕਰਾਰ ਰੱਖਣਾ ਚਾਹੇਗਾ : ਵਨ ਡੇ ਸੀਰੀਜ਼ ਵਿਚ ਮਿਲੀ ਜਿੱਤ ਤੋਂ ਉਤਸ਼ਾਹਿਤ ਆਸਟਰੇਲੀਆ ਦੀ ਟੀਮ ਟੀ-20 ਵਿਚ ਵੀ ਆਪਣਾ ਦਬਦਬਾ ਬਰਕਰਾਰ ਰੱਖਣਾ ਚਾਹੇਗੀ। ਹਾਲਾਂਕਿ ਟੀਮ ਦਾ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਸੱਟ ਕਾਰਣ ਟੀ-20 ਸੀਰੀਜ਼ ਵਿਚੋਂ ਬਾਹਰ ਹੋ ਗਿਆ ਹੈ, ਅਜਿਹੇ ਵਿਚ ਕੰਗਾਰੂ ਟੀਮ ਨੂੰ ਉਸਦੀ ਕਮੀ ਮਹਿਸੂਸ ਹੋਵੇਗੀ।
ਵਾਰਨਰ ਦੀ ਜਗ੍ਹਾ ਟੀਮ ਵਿਚ ਡੀ. ਆਰਸੀ ਸ਼ਾਰਟ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਉਸ 'ਤੇ ਵਾਰਨਰ ਦੀ ਗੈਰ-ਹਾਜ਼ਰੀ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਆਸਟਰੇਲੀਆ ਨੇ ਤੀਜੇ ਵਨ ਡੇ ਵਿਚ ਮਾਰਨਸ ਲਾਬੂਸ਼ਾਨੇ ਨੂੰ ਓਪਨਿੰਗ ਲਈ ਉਤਾਰਿਆ ਸੀ ਪਰ ਉਹ ਅਸਫਲ ਰਿਹਾ ਸੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਆਰੋਨ ਫਿੰਚ ਦੇ ਨਾਲ ਓਪਨਿੰਗ ਕਰਨ ਕਿਸ ਖਿਡਾਰੀ ਨੂੰ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਭਾਰਤੀ ਤੇਜ਼ ਗੇਂਦਬਾਜ਼ ਨਟਰਾਜਨ ਬੋਲੇ- ਦੇਸ਼ ਲਈ ਖੇਡਣਾ ਮਾਣ ਵਾਲੀ ਗੱਲ
ਭਾਰਤ ਦੇ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਮਜ਼ਬੂਤ ਬੱਲੇਬਾਜ਼ੀ ਹਮਲੇ ਤੋਂ ਪਾਰ ਪਾਉਣਾ ਪਵੇਗਾ, ਜਿਸ ਨੇ ਵਨ ਡੇ ਸੀਰੀਜ਼ ਵਿਚ ਕਾਫੀ ਪ੍ਰੇਸ਼ਾਨ ਕੀਤਾ ਸੀ। ਆਸਟਰੇਲੀਆ ਵਲੋਂ ਫਿੰਚ, ਸਟੀਵ ਸਮਿਥ, ਗਲੇਨ ਮੈਕਸਵੈੱਲ ਤੇ ਮਾਰਕਸ ਸਟੋਇੰਸ 'ਤੇ ਵੱਡੀ ਪਾਰੀ ਦੀ ਜ਼ਿੰਮੇਵਾਰੀ ਹੋਵੇਗੀ। ਸਮਿਥ, ਫਿੰਚ ਤੇ ਮੈਕਸਵੈੱਲ ਆਪਣੀ ਫਾਰਮ ਵਿਚ ਹਨ, ਅਜਿਹੇ ਵਿਚ ਭਾਰਤੀ ਗੇਂਦਬਾਜ਼ਾਂ ਨੂੰ ਵੀ ਇਨ੍ਹਾਂ ਨੂੰ ਜਲਦ ਆਊਟ ਕਰਨਾ ਪਵੇਗਾ ਜਦਕਿ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰੱਖਣਾ ਹੋਵੇਗਾ।

ਟੀਮਾਂ ਇਸ ਤਰ੍ਹਾਂ ਹੈ
ਭਾਰਤ
- ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਸੰਜੂ ਸੈਮਸਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਦੀਪਕ ਚਾਹਰ, ਟੀ. ਨਟਰਾਜਨ।
ਆਸਟਰੇਲੀਆ- ਆਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਐਗਰ, ਐਲਕਸ ਕੈਰੀ, ਪੈਟ ਕਮਿੰਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁਡ, ਮੋਇਜਿਸ ਹੈਨਰਿਕਸ, ਮਾਰਨਸ ਲਾਬੂਸ਼ਾਨੇ, ਗਲੇਨ ਮੈਕਸਵੈੱਲ, ਡੇਨੀਅਲ ਸੈਮਸ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇੰਸ, ਮੈਥਿਊ ਵੇਡ, ਡਾਰਸੀ ਸ਼ਾਰਟ, ਐਡਮ ਜ਼ਾਂਪਾ।

ਨੋਟ- ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਟੀ-20 ਮੈਚ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Gurdeep Singh

Content Editor

Related News