Asian Games : ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਜਿੱਤਿਆ ਕਾਂਸੀ ਤਮਗਾ
Tuesday, Aug 28, 2018 - 02:32 PM (IST)

ਜਕਾਰਤਾ : ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 'ਚ ਦੱਖਣੀ ਕੋਰੀਆ ਤੋਂ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਨੇ ਕਲ ਕੁਆਰਟਰ-ਫਾਈਨਲ 'ਚ ਜਾਪਾਨ ਨੂੰ 3-1 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਇਤਿਹਾਸ 'ਚ ਪਹਿਲਾ ਤਮਗਾ ਪੱਕਾ ਕੀਤਾ ਸੀ। ਜੀ ਸਾਤਿਆਨ, ਅਚੰਤਾ ਸ਼ਰਤ ਕਮਲ ਅਤੇ ਏ. ਅਮਲਰਾਜ ਦੀ ਭਾਰਤੀ ਟੀਮ ਸੈਮੀਫਾਈਨਲ 'ਚ ਕੋਰੀਆ ਟੀਮ ਨੂੰ ਟੱਕਰ ਨਹੀਂ ਦੇ ਸਕੀ। ਫਾਈਨਲ 'ਚ ਕੋਰੀਆ ਦਾ ਸਾਹਮਣਾ ਸਾਬਕਾ ਚੈਂਪੀਅਨ ਚੀਨ ਨਾਲ ਹੋਵੇਗਾ। ਭਾਰਤ ਦੇ ਉਭਰਦੇ ਹੋਏ ਖਿਡਾਰੀ ਅਤੇ ਵਿਸ਼ਵ ਰੈਂਕਿੰਗ 'ਚ 39ਵੇਂ ਸਥਾਨ 'ਤੇ ਕਾਬਿਜ਼ ਸਾਤਿਆਨ ਲੀ ਸਾਂਗਸੂ ਤੋਂ ਪਹਿਲਾ ਸੈੱਟ ਜਿੱਤਣ ਦੇ ਬਾਅਦ ਮੈਚ ਗੁਆ ਬੈਠੇ। ਸਾਤਿਆਨ ਇਹ ਮੁਕਾਬਲਾ 11-9, 9-11, 3-11, 3-11 ਨਾਲ ਹਾਰੇ। ਭਾਰਤੀ ਟੀਮ ਦੇ 0-1 ਨਾਲ ਪਛੜਨ ਦੇ ਬਾਅਦ ਤਜ਼ਰਬੇਕਾਰ ਸ਼ਰਤ 'ਤੇ ਵਾਪਸੀ ਦਾ ਦਾਰੋਮਦਾਰ ਸੀ ਪਰ ਵਿਸ਼ਵ ਰੈਂਕਿੰਗ 'ਚ 33ਵੇਂ ਸਥਾਨ 'ਤੇ ਕਾਬਿਜ਼ ਇਹ ਖਿਡਾਰੀ ਯੰਗ ਸਿਕ ਜੇਓਂਗ ਨਾਲ 9-11, 9-11, 11-16, 11-7, 8-11 ਨਾਲ ਹਾਰ ਗਿਆ।
ਫਾਈਨਲ ਮੁਕਾਬਲੇ 'ਚ ਅਮਲਰਾਜ 22 ਸਾਲਾਂ ਕੋਰੀਆਈ ਖਿਡਾਰੀ ਵੂਜਿਨ ਜਾਂਗ ਨੇ 5-11, 7-11, 11-4, 7-11 ਨਾਲ ਹਾਰ ਗਏ। ਇਸ ਤਰ੍ਹਾਂ ਕੋਰੀਆ ਨੇ 3-0 ਨਾਲ ਮੈਚ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਭਾਰਤ ਕਦੇ ਟੇਬਲ ਟੈਨਿਸ ਤਮਗਾ ਨਹੀਂ ਜਿੱਤ ਸਕਿਆ ਸੀ। ਲੰਬੇ ਸਮੇਂ ਤੋਂ ਚੀਨ (61 ਸੋਨ ਤਮਗੇ), ਜਾਪਾਨ (20), ਅਤੇ ਦੱਖਣੀ ਕੋਰੀਆ (10) ਦਾ ਹੀ ਇਸ ਖੇਡ 'ਤੇ ਦਬਦਬਾ ਰਿਹਾ ਹੈ।