Asian Championships : ਤੇਜਿੰਦਰਪਾਲ ਸਿੰਘ ਤੂਰ ਨੇ ਗੋਲਾ ਸੁੱਟ ਕੇ ਫਿਰ ਜਿੱਤਿਆ ਸੋਨ ਤਮਗਾ

07/15/2023 12:36:23 PM

ਬੈਂਕਾਕ–ਭਾਰਤੀ ਸ਼ਾਟਪੁੱਟ ਐਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਇੱਥੇ ਏਸ਼ੀਆਈ ਐੈਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤ ਕੇ ਮਹਾਦੀਪੀ ਸਰਕਟ ’ਚ ਆਪਣਾ ਦਬਦਬਾ ਬਰਕਰਾਰ ਰੱਖਿਆ, ਹਾਲਾਂਕਿ ਦੂਜੀ ਥ੍ਰੋਅ ’ਚ ਸਰਵਸ੍ਰੇਸ਼ਠ ਕੋਸ਼ਿਸ਼ ਤੋਂ ਬਾਅਦ ਉਹ ਲੰਗੜਾਉਂਦੇ ਹੋਏ ਬਾਹਰ ਆਏ। ਏਸ਼ੀਆਈ ਰਿਕਾਰਡਧਾਰੀ ਤੂਰ ਨੇ ਦੂਜੀ ਥ੍ਰੋਅ ’ਚ 20.23 ਮੀਟਰ ਦੀ ਦੂਰੀ ’ਤੇ ਗੋਲਾ ਸੁੱਟਿਆ ਪਰ ਇਸ ਕੋਸ਼ਿਸ਼ ਤੋਂ ਬਾਅਦ ਉਹ ‘ਗ੍ਰੋਇਨ’ ਹਿੱਸੇ ’ਚ ਸੱਟ ਨਾਲ ਲੰਗੜਾਉਂਦੇ ਹੋਏ ਬਾਹਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਥ੍ਰੋਅ ਨਹੀਂ ਕੀਤੀ। ਈਰਾਨ ਦੇ ਸਾਬੇਰੀ ਮੇਹਦੀ (19.98 ਮੀਟਰ) ਨੇ ਚਾਂਦੀ ਤਮਗਾ ਤੇ ਕਜ਼ਾਕਿਸਤਾਨ ਦੇ ਇਵਾਨ ਇਵਾਨੋਵ (19.87 ਮੀਟਰ) ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਪਾਰੁਲ ਚੌਧਰੀ ਨੇ ਵੱਡੇ ਕੌਮਾਂਤਰੀ ਟੂਰਨਾਮੈਂਟ ’ਚ ਆਪਣਾ ਪਹਿਲਾ 3000 ਮੀਟਰ ਸਟੀਪਲਚੇਜ਼ ਖਿਤਾਬ ਹਾਸਲ ਕੀਤਾ, ਜਿਸ ਨਾਲ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ 5 ਹੋ ਗਈ। ਲੌਂਗ ਜੰਪ ਦੀ ਨੌਜਵਾਨ ਐਥਲੀਟ ਸ਼ੈਲੀ ਸਿੰਘ ਨੇ ਵੀ ਪਹਿਲੀ ਵੱਡੀ ਕੌਮਾਂਤਰੀ ਪ੍ਰਤੀਯੋਗਿਤਾ ’ਚ ਆਪਣਾ ਪਹਿਲਾ ਤਮਗਾ ਚਾਂਦੀ ਦੇ ਰੂਪ ਵਿਚ ਹਾਸਲ ਕੀਤਾ। ਇਸ ਨਾਲ ਭਾਰਤ ਲਈ ਇਹ ਦਿਨ ਸ਼ਾਨਦਾਰ ਰਿਹਾ।
ਭਾਰਤ ਨੇ ਅਜੇ ਤਕ 9 ਤਮਗੇ ਜਿੱਤ ਲਏ ਹਨ, ਜਿਸ ’ਚ 5 ਸੋਨ, 1 ਚਾਂਦੀ ਤੇ 3 ਕਾਂਸੀ ਸ਼ਾਮਲ ਹਨ। ਪਹਿਲੇ ਦਿਨ ਇਕ ਕਾਂਸੀ ਤਮਗੇ ਤੋਂ ਬਾਅਦ ਭਾਰਤ ਨੇ ਦੂਜੇ ਦਿਨ 3 ਸੋਨ ਤੇ 2 ਕਾਂਸੀ ਤਮਗੇ ਆਪਣੀ ਝੋਲੀ 'ਚ ਪਾਏ। ਏਸ਼ੀਆਈ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੇ ਸਾਰੇ ਜੇਤੂਆਂ ਕੋਲ ਹੰਗਰੀ ਦੇ ਬੁਡਾਪੇਸਟ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ (19 ਤੋਂ 27 ਅਗਸਤ) ਲਈ ਕੁਆਲੀਫਾਈ ਕਰਨ ਦਾ ਮੌਕਾ ਹੈ। ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਪਦੰਡ ਦੇ ਅਨੁਸਾਰ ਮਹਾਦੀਪੀ ਚੈਂਪੀਅਨ ਸਿੱਧੇ ਇਸ ਪ੍ਰਤੀਯੋਗਿਤਾ ਲਈ ਕੁਆਲੀਫਾਈ ਕਰ ਸਕਦੇ ਹਨ, ਬਸ਼ਰਤ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਇਸ ਪ੍ਰਤੀਯੋਗਿਤਾ ’ਚ ਉਸ ਖੇਤਰ ਤੋਂ ਕੋਈ ਬਿਹਤਰ ਖਿਡਾਰੀ ਸ਼ਾਮਲ ਨਾ ਹੋਵੇ।

ਇਹ ਵੀ ਪੜ੍ਹੋ-IND vs BAN : ਤੀਜੇ ਮੈਚ 'ਚ ਹਾਰ ਤੋਂ ਬਾਅਦ ਬੋਲੀ ਹਰਮਨਪ੍ਰੀਤ, ਵਨਡੇ ਸੀਰੀਜ਼ ਲਈ ਕਾਫ਼ੀ ਸੁਧਾਰ ਦੀ ਲੋੜ
ਤੂਰ ਖਿਤਾਬ ਕਾਇਮ ਰੱਖਣ ਵਾਲਾ ਤੀਜਾ ਸ਼ਾਟਪੁੱਟ ਐਥਲੀਟ ਬਣਿਆ
ਤੂਰ ਸ਼ਾਟਪੁੱਟ ਪ੍ਰਤੀਯੋਗਿਤਾ ’ਚ ਜਿੱਤ ਦਾ ਪ੍ਰਮੁੱਖ ਦਾਅਵੇਦਾਰ ਸੀ। ਉਨ੍ਹਾਂ ਨੇ 19.80 ਮੀਟਰ ਦੀ ਕੋਸ਼ਿਸ਼ ਤੋਂ ਬਾਅਦ ਦੂਜੀ ਕੋਸ਼ਿਸ਼ ’ਚ 20.23 ਮੀਟਰ ਦੂਰ ਗੋਲਾ ਸੁੱਟਿਆ। ਤੂਰ (28 ਸਾਲ) ਏਸ਼ੀਆਈ ਚੈਂਪੀਅਨਸ਼ਿਪ ਖਿਤਾਬ ਕਾਇਮ ਰੱਖਣ ਵਾਲਾ ਤੀਜਾ ਸ਼ਾਟਪੁੱਟ ਐਥਲੀਟ ਬਣ ਗਿਆ ਹੈ। ਕਤਰ ਦੇ ਬਿਲਾਲ ਸਾਦ ਮੁਬਾਰਕ ਨੇ 1995 ਤੇ 1998 ਅਤੇ 2002 ਤੇ 2003 ’ਚ ਦੋ ਲਗਾਤਾਰ ਸੋਨ ਤਮਗੇ ਜਿੱਤ ਕੇ ਇਹ ਉਪਲੱਬਧੀ ਦੋ ਵਾਰ ਆਪਣੇ ਨਾਂ ਕੀਤੀ ਹੈ। ਕੁਵੈਤ ਦੇ ਮੁਹੰਮਦ ਘਾਰਿਬ ਅਲ ਜਿੰਕਾਬੀ ਨੇ ਲਗਾਤਾਰ ਤਿੰਨ ਵਾਰ 1979, 1981 ਤੇ 1983 ’ਚ ਪਹਿਲਾ ਸਥਾਨ ਹਾਸਲ ਕੀਤਾ। 7 ਭਾਰਤੀਆਂ ਨੇ ਇਸ ਤੋਂ ਪਹਿਲਾਂ ਏਸ਼ੀਆਈ ਚੈਂਪੀਅਨਸ਼ਿਪ ’ਚ ਸ਼ਾਟਪੁੱਟ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ ਹੈ। ਅਜੇ ਤੂਰ ਦੀ ਸੱਟ ਦੀ ਗੰਭੀਰਤਾ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਉਨ੍ਹਾਂ ਦੇ ਲਈ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਕਿਉਂਕਿ ਇਕ ਮਹੀਨੇ ਬਾਅਦ ਬੁਡਾਪੇਸਟ ’ਚ ਵਿਸ਼ਵ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ। ਤੂਰ ਨੇ ਖੱਬੀ ਬਾਂਹ ’ਤੇ ਪੱਟੀ ਬੰਨ੍ਹ ਕੇ ਹਿੱਸਾ ਲਿਆ ਸੀ। ਤੂਰ ਨੇ ਕਿਹਾ, ‘‘ਹਾਂ, ਮੈਨੂੰ ਦਰਦ ਹੋ ਰਿਹਾ ਸੀ, ਇਸ ਲਈ ਮੈਂ ਹੋਰ ਕੋਸ਼ਿਸ਼ ਨਹੀਂ ਕੀਤੀ।’’
ਇਸ ਸਾਲ ਦੇ ਸ਼ੁਰੂ ’ਚ ਅਮਰੀਕਾ ’ਚ ਟ੍ਰੇਨਿੰਗ ਕਰਨ ਵਾਲੀ 28 ਸਾਲਾ ਪਾਰੁਲ ਚੌਧਰੀ ਨੇ 9 ਮਿੰਟ 38.76 ਸੈਕੰਡ ਦੇ ਸਮੇਂ ਨਾਲ ਆਸਾਨ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਇਹ ਸਮਾਂ ਉਨ੍ਹਾਂ ਦੇ ਵਿਅਕਤੀਗਤ ਸਰਵਸ੍ਰੇਸ਼ਠ 9 ਮਿੰਟ 29.51 ਸੈਕੰਡ ਦੇ ਸਮੇਂ ਤੋਂ ਬਿਹਤਰ ਰਿਹਾ। ਚੀਨ ਦੀ ਸ਼ੂਆਂਗਝੂਆਂਗ ਜੂ (9 ਮਿੰਟ 44.54 ਸੈਕੰਡ) ਤੇ ਜਾਪਾਨ ਦੀ ਯੋਸ਼ਿਮੁਰੋ ਰੇਮੀ (9 ਮਿੰਟ 48.48) ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗੇ ਜਿੱਤੇ।

ਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਪ੍ਰਤੀਯੋਗਿਤਾ 2007 ’ਚ ਹੀ ਸ਼ੁਰੂ ਕੀਤੀ ਗਈ ਸੀ, ਜਿਸ ’ਚ ਭਾਰਤ ਦਾ ਦਬਦਬਾ ਰਿਹਾ ਹੈ। ਸੁਧਾ ਸਿੰਘ ਨੇ 2013 ਤੇ 2017 ਅਤੇ ਲਲਿਤਾ ਬਾਬਰ ਨੇ 2018 ’ਚ ਦੇਸ਼ ਲਈ ਸੋਨ ਤਮਗੇ ਜਿੱਤੇ ਸਨ। ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਪ੍ਰਤਯੋਗਿਤਾ 2007 ’ਚ ਹੀ ਸ਼ੁਰੂ ਕੀਤੀ ਗਈ ਸੀ, ਜਿਸ ’ਚ ਭਾਰਤ ਦਾ ਦਬਦਬਾ ਰਿਹਾ। ਪਾਰੁਲ ਚੌਧਰੀ 2017 ਤੇ 2019 ’ਚ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ’ਤੇ ਰਹੀ ਸੀ। ਉਨ੍ਹਾਂ ਨੇ 2019 ’ਚ 5000 ਮੀਟਰ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਵੀ ਜਿੱਤਿਆ ਸੀ, ਇਸ ਪ੍ਰਤੀਯੋਗਿਤਾ ’ਚ ਉਨ੍ਹਾਂ ਦੇ ਨਾਂ ਰਾਸ਼ਟਰੀ ਰਿਕਾਰਡ ਵੀ ਹੈ। ਉਹ ਗੈਰ ਓਲੰਪਿਕ 3000 ਮੀਟਰ ਪ੍ਰਤਯੋਗਿਤਾ ’ਚ ਵੀ ਰਾਸ਼ਟਰੀ ਰਿਕਾਰਡਧਾਰੀ ਹੈ। ਮਹਾਨ ਐਥਲੀਟ ਅੰਜੂ ਬਾਬੀ ਜਾਰਜ ਦੀ ਚੇਲੀ 19 ਸਾਲਾ ਸ਼ੈਲੀ ਦਾ ਇਹ ਸੀਨੀਅਰ ਪੱਧਰ ’ਤੇ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਸੀ, ਜਿਸ ’ਚ ਉਨ੍ਹਾਂ ਨੇ ਚਾਂਦੀ ਤਮਗਾ ਜਿੱਤਿਆ। ਉਨ੍ਹਾਂ ਨੇ 2021 ’ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਿਆ ਸੀ। ਸ਼ੈਲੀ ਨੇ 6.25 ਮੀਟਰ ਦੀ ਪਹਿਲੀ ਕੋਸ਼ਿਸ਼ ਨਾਲ ਦੂਜੇ ਸਥਾਨ ਹਾਸਲ ਕੀਤਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News