Asia Cup 2025: ਫਾਈਨਲ ’ਚ ਪਹੁੰਚਿਆ ਭਾਰਤ, ਖਿਤਾਬ ਤੋਂ ਹੁਣ ਇਕ ਕਦਮ ਦੂਰ
Saturday, Sep 13, 2025 - 10:18 PM (IST)

ਹਾਂਗਝੋਊ (ਚੀਨ), (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਮਹਿਲਾ ਏਸ਼ੀਆ ਕੱਪ ਦੇ ਆਪਣੇ ਆਖਰੀ ਸੁਪਰ-4 ਮੈਚ ਵਿਚ ਜਾਪਾਨ ਵਿਰੁੱਧ 1-1 ਨਾਲ ਡਰਾਅ ਖੇਡਣ ਦੇ ਬਾਵਜੂਦ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿਸ ਵਿਚ ਉਸਦਾ ਸਾਹਮਣਾ ਮੇਜ਼ਬਾਨ ਚੀਨ ਨਾਲ ਹੋਵੇਗਾ। ਚੀਨ ਨੇ ਆਪਣੇ ਆਖਰੀ ਸੁਪਰ 4 ਮੈਚ ਵਿਚ ਕੋਰੀਆ ਨੂੰ 1-0 ਨਾਲ ਹਰਾਇਆ, ਜਿਸ ਨਾਲ ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਪਹੁੰਚ ਗਈ। ਫਾਈਨਲ ਜਿੱਤਣ ਵਾਲੀ ਟੀਮ ਅਗਲੇ ਸਾਲ ਬੈਲਜੀਅਮ ਤੇ ਨੀਦਰਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਵੇਗੀ।
ਭਾਰਤ ਨੇ ਸ਼ੁਰੂਆਤੀ ਬੜ੍ਹਤ ਗਵਾ ਕੇ ਸਾਬਕਾ ਚੈਂਪੀਅਨ ਨਾਲ ਡਰਾਅ ਖੇਡਿਆ, ਜਿਸ ਨਾਲ ਉਸ ਨੂੰ ਕੋਰੀਆ ਤੇ ਚੀਨ ਵਿਚਾਲੇ ਮੈਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ। ਚੀਨ ਨੇ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ। ਕੋਰੀਆ ਨੂੰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਦੋ ਗੋਲਾਂ ਦੇ ਫਰਕ ਨਾਲ ਜਿੱਤ ਦੀ ਲੋੜ ਸੀ ਪਰ ਚੀਨ ਦੀ ਜਿੱਤ ਨੇ 2022 ਪੜਾਅ ਵਿਚ ਤੀਜੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਟੀਮ ਦਾ ਫਾਈਨਲ ਵਿਚ ਸਥਾਨ ਪੱਕਾ ਕੀਤਾ। ਚੀਨ 3 ਜਿੱਤਾਂ ਤੋਂ ਬਾਅਦ 9 ਅੰਕਾਂ ਨਾਲ ਸੁਪਰ-4 ਵਿਚ ਚੋਟੀ ’ਤੇ ਰਿਹਾ ਜਦਕਿ ਭਾਰਤ 1 ਜਿੱਤ, 1 ਡਰਾਅ ਤੇ 1 ਹਾਰ ਨਾਲ 4 ਅੰਕ ਲੈ ਕੇ ਦੂਜੇ ਸਥਾਨ ’ਤੇ ਰਿਹਾ। ਕੋਰੀਆ ਨੂੰ 1 ਡਰਾਅ ਤੇ 2 ਹਾਰ ਨਾਲ ਸਿਰਫ ਇਕ ਅੰਕ ਮਿਲਿਆ ਤੇ ਉਹ ਸਭ ਤੋਂ ਹੇਠਲੇ ਸਥਾਨ ’ਤੇ ਰਹੀ। ਜਾਪਾਨ ਦੋ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਜਾਪਾਨ ਵਿਰੁੱਧ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਬਿਊਟੀ ਡੁੰਗ-ਡੁੰਗ ਨੇ 7ਵੇਂ ਮਿੰਟ ਵਿਚ ਮੈਦਾਨੀ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ ਪਰ ਜਾਪਾਨ ਨੇ ਵਾਪਸੀ ਕੀਤੀ ਤੇ ਸ਼ੇਹੋ ਕੋਬਾਯਾਕਾਵਾ (58ਵੇਂ ਮਿੰਟ) ਨੇ ਹੂਟਰ ਵੱਜਣ ਤੋਂ ਦੋ ਮਿੰਟ ਪਹਿਲਾਂ ਬਰਾਬਰੀ ਦਾ ਗੋਲ ਕਰ ਦਿੱਤਾ। ਇਹ ਇਸ ਟੂਰਨਾਮੈਂਟ ਵਿਚ ਦੋਵਾਂ ਟੀਮਾਂ ਵਿਚਾਲੇ ਦੂਜਾ ਡਰਾਅ ਸੀ। ਇਸ ਤੋਂ ਪਹਿਲਾਂ ਪੂਲ ਪੜਾਅ ਦਾ ਮੁਕਾਬਲਾ ਵੀ 2-2 ਨਾਲ ਡਰਾਅ ’ਤੇ ਛੁੱਟਿਆ ਸੀ।