ਅਸ਼ਵਨੀ ਨੇ ਆਈ. ਪੀ. ਐੱਲ. ’ਚ ਯਾਦਗਾਰ ਡੈਬਿਊ ਦਾ ਸਿਹਰਾ ਕਪਤਾਨ ਹਾਰਦਿਕ ਨੂੰ ਦਿੱਤਾ

Wednesday, Apr 02, 2025 - 11:59 AM (IST)

ਅਸ਼ਵਨੀ ਨੇ ਆਈ. ਪੀ. ਐੱਲ. ’ਚ ਯਾਦਗਾਰ ਡੈਬਿਊ ਦਾ ਸਿਹਰਾ ਕਪਤਾਨ ਹਾਰਦਿਕ ਨੂੰ ਦਿੱਤਾ

ਮੁੰਬਈ- ਮੁੰਬਈ ਇੰਡੀਅਨਜ਼ ਦੇ ਨਵੇਂ ਖਿਡਾਰੀ ਅਸ਼ਵਨੀ ਕੁਮਾਰੀ ਨੇ ਕਿਹਾ ਕਿ ਕਪਤਾਨ ਹਾਰਦਿਕ ਪੰਡਯਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਡੈਬਿਊ ਤੋਂ ਪਹਿਲਾਂ ਉਸ ਨੂੰ ਇਹ ਯਾਦ ਦਿਵਾ ਕੇ ਉਸਦੀ ਘਬਰਾਹਟ ਦੂਰ ਦਿੱਤੀ ਸੀ ਕਿ ‘ਪੰਜਾਬੀ ਨਿਡਰ ਹਨ’ ਤੇ ਉਸ ਨੂੰ ਸਿਰਫ ਮੈਦਾਨ ’ਤੇ ਜਾ ਕੇ ਵਿਰੋਧੀ ਟੀਮ ਵਿਚ ਖੌਫ ਪੈਦਾ ਕਰਨਾ ਚਾਹੀਦਾ ਹੈ। ਪੰਜਾਬ ਦੇ ਝੰਜੇਰੀ ਦੇ ਇਸ 23 ਸਾਲਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਰੁੱਧ ਸੋਮਵਾਰ ਨੂੰ 24 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਟੀਮ ਨੂੰ ਆਸਾਨ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ ਇਸਦੇ ਨਾਲ ਹੀ ਆਈ. ਪੀ. ਐੱਲ. ਵਿਚ ਆਪਣੇ ਪਹਿਲੇ ਮੈਚ ਵਿਚ 4 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਬਣ ਗਿਆ।

ਅਸ਼ਵਨੀ ਨੇ ਕਿਹਾ,‘‘ਇਹ ਬਹੁਤ ਚੰਗਾ ਅਹਿਸਾਸ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੰਨਾ ਚੰਗਾ ਪ੍ਰਦਰਸ਼ਨ ਕਰਾਂਗਾ। ਹਾਰਦਿਕ ਭਰਾ ਨੇ ਮੈਨੂੰ ਕਿਹਾ,‘‘ਤੁਸੀਂ ਪੰਜਾਬ ਤੋਂ ਹੋ ਤੇ ਪੰਜਾਬੀ ਨਿਡਰ ਹੁੰਦੇ ਹਨ, ਇਸ ਲਈ ਵਿਰੋਧੀ ਖਿਡਾਰੀਆਂ ਨੂੰ ਡਰਾਓ ਤੇ ਇਸਦਾ ਮਜ਼ਾ ਲਓ।’’

ਉਹ ਪਿਛਲੇ 10 ਸਾਲ ਵਿਚ ਆਈ. ਪੀ.ਐੱਲ. ਵਿਚ ਆਪਣੀ ਪਹਿਲੀ ਹੀ ਗੇਂਦ ’ਤੇ ਵਿਕਟ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਵੀ ਬਣ ਗਿਆ। ਉਸ ਨੇ ਆਪਣੀ ਪਹਿਲੀ ਗੇਂਦ ’ਤੇ ਕੇ. ਕੇ. ਆਰ. ਦੇ ਕਪਤਾਨ ਅਜਿੰਕਯ ਰਹਾਨੇ ਨੂੰ ਤਿਲਕ ਵਰਮਾ ਦੇ ਹੱਥੋਂ ਕੈਚ ਕਰਵਾਇਆ। ਗੇਂਦਬਾਜ਼ੀ ਕੋਚ ਪਾਰਸ ਮਹਾਮਬ੍ਰੇ ਅਸ਼ਵਨੀ ਦੇ ਸਬਰ ਤੋਂ ਕਾਫੀ ਪ੍ਰਭਾਵਿਤ ਹੋਇਆ। ਉਸ ਨੇ ਕਿਹਾ,‘‘ਕਿਸੇ ਖਿਡਾਰੀ ਨੂੰ ਪਹਿਲੇ ਮੈਚ ਵਿਚ ਦਬਾਅ ਵਿਚ ਖੇਡਦੇ ਦੇਖਣਾ ਖੁਸ਼ੀ ਦੀ ਗੱਲ ਹੈ। ਉਸ ਨੇ ਆਪਣੇ ਮਜ਼ਬੂਤ ਪੱਖ ’ਤੇ ਕੰਮ ਕੀਤਾ ਹੈ ਤੇ ਇਸ ਨਾਲ ਉਸ ਨੂੰ ਹਾਂ-ਪੱਖੀ ਨਤੀਜੇ ਮਿਲੇ ਹਨ। ਇਹ ਪ੍ਰਦਰਸ਼ਨ ਦੀ ਜਗ੍ਹਾ ਆਪਣੀ ਖੇਡ ਦਾ ਮਜ਼ਾ ਚੁੱਕਣ ਦੇ ਬਾਰੇ ਸੀ।’’


author

Tarsem Singh

Content Editor

Related News