ਅਸ਼ਵਿਨ ਹਾਂਗਕਾਂਗ ਸਿਕਸਸ ਲਈ ਭਾਰਤੀ ਟੀਮ ਦਾ ਹਿੱਸਾ ਹੋਵੇਗਾ
Friday, Sep 19, 2025 - 05:51 PM (IST)

ਹਾਂਗਕਾਂਗ (ਭਾਸ਼ਾ)- ਸਾਬਕਾ ਸਪਿਨਰ ਰਵੀਚੰਦਰਨ ਅਸ਼ਵਿਨ 7 ਤੋਂ 9 ਨਵੰਬਰ ਤੱਕ ਇਥੇ ਹੋਣ ਵਾਲੇ ਹਾਂਗਕਾਂਗ ਸਿਕਸਸ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਹਿੱਸਾ ਹੋਵੇਗਾ। ਆਯੋਜਕਾਂ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਅਸ਼ਵਿਨ ਨੇ ਪਿਛਲੇ ਸਾਲ ਭਾਰਤ ਦੇ ਆਸਟ੍ਰੇਲੀਆ ਦੌਰੇ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈੱਟਸ ਤੋਂ ਸੰਨਿਆਸ ਲੈ ਲਿਆ ਸੀ। ਪਿਛਲੇ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਅਲਵਿਦ ਕਹਿਣ ਤੋਂ ਬਾਅਦ ਇਸ ਚੌਟੀ ਦੇ ਗੇਂਦਬਾਜ਼ ਨੇ ਕਿਹਾ ਸੀ ਕਿ ਉਹ ਦੁਨੀਆ ਭਰ ਦੀਆਂ ਵੱਖ-ਵੱਖ ਲੀਗ ’ਚ ਖੇਡਣ ਲਈ ਉਪਲੱਬਧ ਹੋਵੇਗਾ।
ਆਯੋਜਕਾਂ ਨੇ ਪ੍ਰੈੱਸ ਨੋਟ ’ਚ ਕਿਹਾ ਕਿ ਆਧੁਨਿਕ ਕ੍ਰਿਕਟ ਦੇ ਸਰਵਸ਼੍ਰੇਸ਼ਠ ਸਪਿਨ ਗੇਂਦਬਾਜ਼ਾਂ ’ਚੋਂ ਇਕ ਮੰਨੇ ਜਾਣ ਵਾਲੇ ਅਸ਼ਵਿਨ ਦਾ ਸ਼ਾਮਿਲ ਹੋਣਾ ਇਸ ਤੇਜ਼ਤਰਾਰ ਅਤੇ ਐਕਸ਼ਨ ਨਾਲ ਭਰਪੂਰ ਸੰਸਾਰਿਕ ਟੂਰਨਾਮੈਂਟ ’ਚ ਟੀਮ ਇੰਡੀਆ ਦੇ ਅਭਿਆਨ ’ਚ ਬਹੁਤ ਗਹਿਰਾਈ, ਤਜੁਰਬਾ ਅਤੇ ਸਟਾਰ ਪਾਵਰ ਜੌੜਦਾ ਹੈ।
ਅਸ਼ਵਿਨ ਨੇ ਕਿਹਾ ਕਿ ਇਸ ਫਾਰਮੈੱਟ ਲਈ ਇਕ ਅਲੱਗ ਰਣਨੀਤੀ ਦੀ ਲੋੜ ਹੁੰਦੀ ਹੈ ਅਤੇ ਇਹ ਬੇਹੱਦ ਰੋਮਾਂਚਕ ਸਾਬਿਤ ਹੋਵੇਗਾ, ਜਿਸ ’ਚ ਮੈਂ ਆਪਣੇ ਸਾਬਕਾ ਸਾਥੀਆਂ ਨਾਲ ਖੇਡਣ ਲਈ ਉਤਸਾਹਿਤ ਹਾਂ। ਮੈਂ ਵਿਰੋਧੀ ਟੀਮਾਂ ਦੇ ਕੁਝ ਬਿਹਤਰੀਨ ਖਿਡਾਰੀਆਂ ਖਿਲਾਫ ਮੁਕਾਬਲੇਬਾਜ਼ੀ ਕਰਨ ਲਈ ਵੀ ਉਤਸਾਹਿਤ ਹਾਂ। ਇਹ ਸਾਡੇ ਲਈ ਇਕ ਚੰਗੀ ਚੁਣੋਤੀ ਹੋਵੇਗੀ।