ਦੇਵਧਰ ਟਰਾਫੀ ''ਚ ਅਸ਼ਵਿਨ ਤੇ ਰੈਨਾ ਨੂੰ ਮਿਲਿਆ ਮੌਕਾ

Thursday, Oct 18, 2018 - 07:44 PM (IST)

ਨਵੀਂ ਦਿੱਲੀ : ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ, ਸ਼੍ਰੇਅਸ ਅਈਅਰ ਤੇ ਅਜਿੰਕਯ ਰਹਾਨੇ ਨੂੰ 23 ਅਕਤੂਬਰ ਤੋਂ ਹੋਣ ਵਾਲੇ ਘਰੇਲੂ ਕ੍ਰਿਕਟ ਟੂਰਨਾਮੈਂਟ ਪ੍ਰੋ. ਡੀ. ਬੀ. ਦੇਵਧਰ ਲਈ ਇੰਡੀਆ-ਏ, ਇੰਡੀਆ-ਬੀ ਤੇ ਇੰਡੀਆ-ਸੀ ਟੀਮਾਂ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਵੀਰਵਾਰ ਨੂੰ ਇਸ ਲਿਸਟ-ਏ ਟੂਰਨਾਮੈਂਟ ਲਈ ਤਿੰਨਾਂ ਟੀਮਾਂ ਦੀ ਚੋਣ ਕੀਤੀ, ਜਿਹੜਾ ਦਿੱਲੀ ਵਿਚ 23 ਅਕਤੂਬਰ ਤੋਂ ਖੇਡਿਆ ਜਾਣਾ ਹੈ। ਇਨ੍ਹਾਂ ਟੀਮਾਂ ਵਿਚ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿਚੋਂ ਬਾਹਰ ਚੱਲ ਰਹੇ ਆਫ ਸਪਿਨਰ ਆਰ. ਅਸ਼ਵਿਨ ਤੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਮੌਕਾ ਦਿੱਤਾ ਗਿਆ ਹੈ। ਦੋਵਾਂ ਲਈ ਅਗਲੇ ਸਾਲ ਤੋਂ ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਦਾਅਵੇਦਾਰੀ ਵਿਚ ਲਿਆਉਣ ਦਾ ਇਹ ਆਖਰੀ ਮੌਕਾ ਹੋਵੇਗਾ।

PunjabKesari

ਇੰਡੀਆ-ਏ ਦੀ ਕਪਤਾਨੀ ਵਿਕਟਕੀਪਰ ਕਾਰਤਿਕ ਨੂੰ ਸੌਂਪੀ ਗਈ ਹੈ। ਕਾਰਤਿਕ ਨੂੰ ਵੈਸਟਇੰਡੀਜ਼ ਵਿਰੁੱਧ ਵਨ ਡੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਕਾਰਤਿਕ ਇਸ ਤੋਂ ਪਹਿਲਾਂ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਇੰਡੀਆ-ਏ ਟੀਮ ਵਿਚ ਕਈ ਸਟਾਰ ਖਿਡਾਰੀਆਂ ਦੀ ਭਰਮਾਰ ਹੈ। ਭਾਰਤੀ ਕ੍ਰਿਕਟ ਦੀ ਨਵੀਂ ਸਨਸਨੀ ਪ੍ਰਿਥਵੀ ਸ਼ਾਹ, ਤਜਰਬੇਕਾਰ ਬੱਲੇਬਾਜ਼ ਕਰੁਣ ਨਾਇਰ, ਆਫ ਸਪਿਨਰ ਆਰ. ਅਸ਼ਵਿਨ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ, ਆਲਰਾਊਂਡਰ ਕੁਣਾਲ ਪੰਡਿਆ ਤੇ ਬੱਲੇਬਾਜ਼ ਨਿਤਿਸ਼ ਰਾਣਾ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਇੰਡੀਆ-ਬੀ ਟੀਮ ਵਿਚ ਸ਼੍ਰੇਅਸ ਅਈਅਰ ਨਾਲ ਮਨੋਜ ਤਿਵਾੜੀ, ਨੌਜਵਾਨ ਵਿਕਟਕੀਪਰ ਅੰਕੁਸ਼ ਬੈਂਸ, ਹਾਲ ਹੀ ਵਿਚ ਵਿਜੇ ਹਜ਼ਾਰੇ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਰੋਹਿਤ ਰਾਇਡੂ, ਲੈਫਟ ਆਰਮ  ਸਪਿਨਰ ਸ਼ਾਹਬਾਜ਼ ਨਦੀਮ ਤੇ ਤੇਜ਼ ਗੇਂਦਬਾਜ਼ ਵਰੁਣ ਆਰੋਨ ਨੂੰ ਜਗ੍ਹਾ ਮਿਲੀ ਹੈ। ਭਾਰਤੀ ਬੱਲੇਬਾਜ਼ ਅਜਿੰਕਯ ਰਹਾਨੇ ਨੂੰ ਇੰਡੀਆ-ਸੀ ਦਾ ਕਪਤਾਨ ਬਣਾਇਆ ਗਿਆ ਹੈ। ਇੰਡੀਆ-ਸੀ ਵਿਚ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ, ਤਜਰਬੇਕਾਰ ਬੱਲੇਬਾਜ਼ ਸੁਰੇਸ਼ ਰੈਨਾ ਤੇ ਝਾਰਖੰਡ ਦੇ ਇਸ਼ਾਨ ਕਿਸ਼ਨ ਨੂੰ ਜਗ੍ਹਾ ਮਿਲੀ ਹੈ। ਭਾਰਤੀ ਟੀਮ 'ਚੋਂ ਬਾਹਰ ਚੱਲ ਰਹੇ ਰੈਨਾ ਲਈ ਵੀ ਖੁਦ ਨੂੰ ਸਾਬਤ ਕਰਨ ਦਾ ਇਹ ਇਕ ਸ਼ਾਨਦਾਰ ਮੌਕਾ ਹੈ।


Related News