ਕ੍ਰਿਕਟ ਦੀ ਵੱਡੀ ਫੈਨ ਸੀ ਆਸ਼ਾ ਭੋਸਲੇ, ਬ੍ਰੇਟ ਲੀ ਨਾਲ ਗਾਇਆ ਸੀ Hit Song
Monday, Apr 13, 2026 - 11:15 AM (IST)
ਨਵੀਂ ਦਿੱਲੀ– ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈੱਟ ਲੀ ਤੇ ਮਹਾਨ ਗਾਇਕਾ ਆਸ਼ਾ ਭੋਸਲੇ ਨੇ 2007 ’ਚ ਇਕ ਅਨੋਖੀ ‘ਮਿਊਜ਼ੀਕਲ’ ਜੋੜੀ ਬਣਾਈ ਸੀ ਜਿਸ ਨੇ ‘ਯੂ ਆਰ ਦਿ ਵਨ ਫੋਰ ਮੀ’ ਵਰਗਾ ਹਿੱਟ ਗੀਤ ਦਿੱਤਾ ਸੀ। ਪ੍ਰਸਿੱਧ ਗਾਇਕਾ ਭੋਸਲੇ ਦਾ 92 ਸਾਲ ਦੀ ਉਮਰ ’ਚ ਐਤਵਾਰ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਸੀਨੇ ’ਚ ਇਨਫੈਕਸ਼ਨ ਤੇ ਕਮਜ਼ੋਰੀ ਦੇ ਕਾਰਨ ਇਕ ਦਿਨ ਪਹਿਲਾਂ ਬ੍ਰੀਚ ਕੈਂਡੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਲੀ ਨੇ ਆਪਣੀ ਆਤਮਕਥਾ ‘ਮਾਈ ਲਾਈਫ : ਬ੍ਰੈੱਟ ਲੀ’ ਵਿਚ ਉਸ ਨੂੰ ‘ਇਕ ਪਿਆਰੀ, ਸੌਮਯ ਮਹਿਲਾ’ ਦੱਸਿਆ ਸੀ ਜਿਸ ਦੀ ਹਾਸਾ ਮਜ਼ਾਕ ਦੀ ਆਦਤ (ਸੈਂਸ ਆਫ ਹਿਊਮਰ) ਬਹੁਤ ਵਧੀਆ ਸੀ। ਇਨ੍ਹਾਂ ਦੀ ਮੁਲਾਕਾਤ 2007 ’ਚ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਦੌਰਾਨ ਹੋਈ ਸੀ, ਜਦੋਂ ਲੀ ਤੋਂ ਇਕ ਐਲਬਮ ’ਚ ਯੋਗਦਾਨ ਦੇਣ ਬਾਰੇ ਗੱਲ ਕੀਤੀ ਗਈ ਸੀ ਜਿਸ ’ਚ ਕੌਮਾਂਤਰੀ ਕਲਾਕਾਰ ਤੇ ਬਾਲੀਵੁੱਡ ਸਿਤਾਰੇ ਸ਼ਾਮਲ ਹੋਣ ਵਾਲੇ ਸਨ। ਇਸ ਪ੍ਰਸਤਾਵ ’ਚ ਦਿਲਚਸਪੀ ਦਿਖਾਉਂਦੇ ਹੋਏ ਉਸ ਨੇ ਇਸ ਦੇ ਲਈ ਹਾਮੀ ਭਰ ਦਿੱਤੀ, ਖਾਸ ਕਰਕੇ ਇਹ ਸੁਣ ਕੇ ਕਿ ਇਸ ਐਲਬਮ ’ਚ ਰੌਬੀ ਵਿਲੀਅਮਜ਼ ਵਰਗਾ ਵੱਡਾ ਨਾਂ ਵੀ ਸ਼ਾਮਲ ਹੈ।
ਲੀ ਨੇ 2011 ’ਚ ਲਿਖੀ ਆਪਣੀ ਕਿਤਾਬ ’ਚ ਲਿਖਿਆ ਸੀ, ‘‘ਮੈਨੂੰ ਦੱਸਿਆ ਗਿਆ ਕਿ ਇਸ ਐਲਬਮ ’ਚ ਮੇਰੇ ਲਈ ਇਕ ਗੀਤ ਚੁਣਿਆ ਜਾਵੇਗਾ, ਫਿਰ ਮੈਂ ਉਸ ਨੂੰ ਸਿੱਖਾਂਗਾ ਤੇ ਚੈਂਪੀਅਨਜ਼ ਟਰਾਫੀ ਦੌਰਾਨ ਕਿਸੇ ਸਮੇਂ ਆਸ਼ਾ ਜੀ ਦੇ ਨਾਲ ਮਿਲ ਕੇ ਉਸ ਦੀ ਰਿਕਾਰਡਿੰਗ ਕਰਾਂਗਾ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਅਜਿਹਾ ਸੱਚਮੁੱਚ ਹੋ ਰਿਹਾ ਹੈ, ਇਕ ਮਹਾਨ ਹਸਤੀ ਦੇ ਨਾਲ ਕੰਮ ਕਰਨ ਦਾ ਇਹ ਕਿੰਨਾ ਜ਼ਬਰਦਸਤ ਮੌਕਾ ਸੀ।’’
ਭੋਸਲੇ ਨੂੰ ‘ਭਾਰਤੀ ਸੰਗੀਤ ਦੀ ਅਰੇਥਾ ਫ੍ਰੈਂਕਲਿਨ’ ਦੱਸਦੇ ਹੋਏ ਲੀ ਨੇ ਉਸ ਰਿਕਾਰਡਿੰਗ ਬਾਰੇ ਕਿਤਾਬ ’ਚ ਲਿਖਿਆ ਸੀ ਕਿ ਕ੍ਰਿਕਟ ਦੇ ਬੇਹੱਦ ਰੁੱਝੇ ਹੋਏ ਪ੍ਰੋਗਰਾਮ ਦੇ ਬਾਵਜੂਦ ਉਸ ਨੇ ਭੋਸਲੇ ਦੇ ਨਾਲ 4 ਘੰਟੇ ਦੀ ਰਿਕਾਰਡਿੰਗ ਲਈ ਸਮਾਂ ਕੱਢ ਹੀ ਲਿਆ ਸੀ।
ਇਹ ਗੀਤ ਬਾਅਦ ’ਚ ਕਾਫੀ ਹਿੱਟ ਹੋਇਆ। 4 ਮਹੀਨੇ ਬਾਅਦ ਜਦੋਂ ਉਹ ਸਿਡਨੀ ਓਪੇਰਾ ਹਾਊਸ ’ਚ ਦੁਬਾਰਾ ਮਿਲੇ ਤਾਂ ਭੋਸਲੇ ਨੇ ਲੀ ਨੂੰ ਇਹ ਐਲਬਮ ਭੇਟ ਕੀਤੀ ਜਿਸ ’ਤੇ ਉਸ ਨੇ ਆਪਣੇ ਹੱਥ ਨਾਲ ਇਕ ਨਿੱਜੀ ਸੰਦੇਸ਼ ਵੀ ਲਿਖਿਆ ਸੀ। ਲੀ ਨੇ ਲਿਖਿਆ, ‘‘ਇਹ ਹਮੇਸ਼ਾ ਮੇਰੇ ਸਭ ਤੋਂ ਕੀਮਤੀ ਖਜ਼ਾਨਿਆਂ ’ਚੋਂ ਇਕ ਰਹੇਗਾ।’’
