ਅਮਿਤ ਪੰਘਾਲ ਦਾ ਵੱਡਾ ਬਿਆਨ- ਫ਼ਾਈਨਲ ’ਚ ਮਿਲੀ ਹਾਰ ਤੋਂ ਅਜੇ ਵੀ ਨਾਰਾਜ਼ ਹਾਂ
Wednesday, Jun 02, 2021 - 08:07 PM (IST)
ਸਪੋਰਟਸ ਡੈਸਕ— ਓਲੰਪਿਕ ਦੇ ਲਈ ਕੁਆਲੀਫ਼ਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਕਿਹਾ ਕਿ ਏਸ਼ੀਆਈ ਚੈਂਪੀਅਨਸ਼ਿਪ ’ਚ 52 ਕਿਲੋਗ੍ਰਾਮ ਵਰਗ ’ਚ ਚਾਂਦੀ ਦੇ ਤਮਗੇ ਲਈ ਪ੍ਰਦਰਸ਼ਨ ਨੂੰ ਉਹ ਆਪਣੇ ਕਰੀਅਰ ਦਾ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਰ ਦਿੰਦੇ ਪਰ ਉਹ ਇਸ ਦੇ ਫ਼ਾਈਨਲ ’ਚ ਮਿਲੀ ਹਾਰ ਤੋਂ ਅਜੇ ਵੀ ਥੋੜ੍ਹੇ ਨਾਰਾਜ਼ ਹਨ। ਹਰਿਆਣਾ ਦਾ ਇਹ 25 ਸਾਲਾ ਮੁੱਕੇਬਾਜ਼ ਸਾਬਕਾ ਚੈਂਪੀਅਨ ਸੀ ਪਰ ਦੁਬਈ ਏਸ਼ੀਆਈ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਉਨ੍ਹਾਂ ਨੂੰ ਉਜ਼ਬੇਕਿਸਤਾਨ ਦੇ ਮੌਜੂਦਾ ਵਿਸ਼ਵ ਤੇ ਓਲੰਪਿਕ ਚੈਂਪੀਅਨ ਸ਼ਾਖੋਬਿਦਿਨ ਜੋਈਰੋਵ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਟੀਮ ਨੇ ਇਸ ਨਤੀਜੇ ਦੇ ਖ਼ਿਲਾਫ਼ ਵਿਰੋਧ ਦਰਜ ਕੀਤਾ ਤੇ ਮੁਕਾਬਲੇ ਦੇ ਦੂਜੇ ਰਾਊਂਡ ਦੀ ਸਮੀਖਿਆ ਦੀ ਮੰਗ ਕੀਤੀ ਜਿਸ ਨੂੰ ਜਿਊਰੀ ਨੇ ਖ਼ਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਦਲ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ, ਅਸੀਂ ਥੋੜ੍ਹਾ ਹੋਰ ਜ਼ੋਰ ਲਗਾ ਸਕਦੇ ਸੀ ਪਰ ਠੀਕ ਹੈ, ਘੱਟੋ-ਘੱਟ ਅਸੀਂ ਕੋਸ਼ਿਸ਼ ਤਾਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਚੀਜ਼ਾਂ ’ਤੇ ਕੰਮ ਕਰਨਾ ਹੋਵੇਗਾ ਤੇ ਉਹ ਓਲਪਿੰਕ ਤੋਂ ਪਹਿਲਾਂ ਅਜਿਹਾ ਕਰ ਲੈਣਗੇ। ਉਨ੍ਹਾਂ ਕਿਹਾ ਕਿ ਮੇਰੇ ਨਿੱਜੀ ਕੋਚ ਅਨਿਲ ਧਨਕੜ ਨੇ ਮੈਨੂੰ ਸਿਖਾਇਆ ਹੈ ਕਿ ਵਿਰੋਧੀ ਨੂੰ ਜਕੜਨ ਦਾ ਮਤਲਬ ਰੁਕਣਾ ਨਹੀਂ ਮੈਨੂੰ ਮੁੱਕੇ ਜੜਦੇ ਰਹਿਣਾ ਚਾਹੀਦਾ ਹੈ। ਮੈਂ ਇਸ ’ਤੇ ਕੰਮ ਕੀਤਾ ਸੀ ਪਰ ਧਨਕੜ ਦੁਬਈ ’ਚ ਪੰਘਾਲ ਦੇ ਇਸ ਮੁਕਾਬਲੇ ਦੌਰਾਨ ਨਹੀਂ ਸਨ ਤੇ ਇਸ ਖਿਡਾਰੀ ਨੇ ਕਿਹਾ ਕਿ ਉਸ ਨੂੰ ਆਪਣੇ ਕੋਚ ਦੀ ਕਮੀ ਮਹਿਸੂਸ ਹੋਈ।
ਪ੍ਰਦਰਸ਼ਨ ਦੇ ਦਬਾਅ ਤੋਂ ਇਲਾਵਾ ਓਲੰਪਿਕ ਦੀਆਂ ਤਿਆਰੀਆਂ ’ਚ ਜੁੱਟੇ ਖਿਡਾਰੀਆਂ ਨੂੰ ਇਸ ਸਾਲ ਕੋਵਿਡ-19 ਮਹਾਮਾਰੀ ਦੀ ਚਿੰਤਾ ਨਾਲ ਵੀ ਜੂਝਣਾ ਪੈ ਰਿਹਾ ਹੈ। ਪੰਘਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਵੀ ਆਪਣੀਆਂ ਚਿੰਤਾਵਾਂ ਹਨ। ਪਰ ਉਹ ਰਿੰਗ ਦੇ ਅੰਦਰ ਜੋ ਕਰਦੇ ਹਨ ਉਸ ’ਤੇ ਇਨ੍ਹਾਂ ਚਿੰਤਾਵਾਂ ਦਾ ਅਸਰ ਨਹੀਂ ਪੈਂਦਾ। ਅਭਿਆਸ ’ਚ ਰੁਕਾਵਟ ਹੀ ਹੈ। ਹਮੇਸ਼ਾ ਡਰ ਲਗਿਆ ਰਹਿੰਦਾ ਹੈ ਕਿ ਜੇਕਰ ਅਸੀਂ ਪਾਜ਼ੇਟਿਵ ਪਾਏ ਗਏ ਤਾਂ ਸਾਨੂੰ ਇਕਾਂਤਵਾਸ ’ਚ ਰਹਿਣਾ ਹੋਵੇਗਾ ਤੇ ਸਾਡੀ ਟ੍ਰੇਨਿੰਗ ਦਾ ਮਹੱਤਵਪੂਰਨ ਸਮਾਂ ਬਰਬਾਦ ਹੋ ਜਾਵੇਗਾ।