ਸਰਫਰਾਜ ਤੋਂ ਬਾਅਦ ਕੋਰੋਨਾ ਨੇ ਇਕ ਹੋਰ ਪਾਕਿ ਕ੍ਰਿਕਟਰ ਦੀ ਲਈ ਜਾਨ
Wednesday, Jun 03, 2020 - 11:49 AM (IST)
ਕਰਾਚੀ : ਪਾਕਿਸਤਾਨ ਵਿਚ ਇਕ ਹੋਰ ਕ੍ਰਿਕਟ ਖਿਡਾਰੀ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਮ ਤੋੜ ਦਿੱਤਾ ਹੈ। ਪਾਕਿਸਤਾਨ ਦੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਰਿਆਜ ਸ਼ੇਖ ਮੰਗਲਵਾਰ ਨੂੰ ਦੇਸ਼ ਦੇ ਦੂਜੇ ਪੇਸ਼ੇਵਰ ਖਿਡਾਰੀ ਬਣ ਗਏ, ਜਿਸ ਦਾ ਕੋਰੋਨਾ ਮਹਾਮਾਰੀ ਕਾਰਨ ਦਿਹਾਂਤ ਹੋ ਗਿਆ। ਰਿਆਜ ਸ਼ੇਖ ਦੇ ਪਰਿਵਾਰ ਨੇ ਉਸ ਨੂੰ ਜਲਦਬਾਜ਼ੀ ਵਿਚ ਦਫ਼ਨਾ ਦਿੱਤਾ। ਸੂਤਰਾਂ ਦੀ ਮੁਤਾਬਕ ਸ਼ੇਖ ਦੇ ਪਰਿਵਾਰ ਨੇ ਉਸ ਨੂੰ ਦਫ਼ਨਾ ਦਿੱਤਾ ਅਤੇ ਉਸ ਦੀ ਮੌਤ ਦੇ ਕਾਰਨਾਂ ਨੂੰ ਜਾਣਨ ਲਈ ਡਾਕਟਰਾਂ ਦੀ ਵੀ ਉਡੀਕ ਨਹੀਂ ਕੀਤੀ।
ਰਿਆਜ ਸ਼ੇਖ ਕੁਝ ਹੀ ਦਿਨ ਪਹਿਲਾਂ ਕੋਰੋਨਾ ਦੀ ਲਪੇਟ 'ਚ ਆਏ ਸੀ। ਉਹ 51 ਸਾਲ ਦੇ ਸੀ। ਰਿਆਜ ਨੇ 43 ਫਰਸਟ ਕਲਾਸ ਮੈਚਾਂ ਵਿਚ 116 ਵਿਕਟਾਂ ਲਈਆਂ। ਉਸ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ ਸੀ। ਉਸ ਦੇ ਗੁਆਂਢੀਆਂ ਨੂੰ ਸ਼ੱਕ ਹੈ ਕਿ ਉਹ ਕੋਵਿਡ-19 ਨਾਲ ਪ੍ਰਭਾਵਿਤ ਸੀ ਅਤੇ ਉਸ ਦਾ ਪਰਿਵਾਰ ਇਨ੍ਹਾਂ ਸਰਕਾਰੀ ਪ੍ਰਕਿਰਿਆਵਾਂ ਵਿਚੋਂ ਨਹੀਂ ਨਿਕਲਣਾ ਚਾਹੁੰਦਾ ਸੀ, ਜੋ ਵਾਇਰਸ ਕਾਰਨ ਮਰਨ ਵਾਲਿਆਂ ਮਰੀਜ਼ਾਂ ਲਈ ਬਣਾਈ ਗਈ ਹੈ।
ਰਾਸ਼ਿਦ ਲਤੀਫ ਨੇ ਜਤਾਇਆ ਦੁੱਖ
ਦੱਸ ਦਈਏ ਕਿ ਰਿਆਜ ਦੀ ਅਚਾਨਕ ਮੌਤ 'ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਰਾਸ਼ਿਦ ਲਤੀਫ ਨੇ ਸ਼ੋਕ ਪ੍ਰਗਟਾਇਆ। ਰਿਆਜ ਨੇ 1987 ਤੋਂ 2005 ਤਕ ਫਰਸਟ ਕਲਾਸ ਖੇਡਿਆ। ਕਰਾਚੀ ਦੇ ਇਸ ਲੈਗ ਸਪਿਨਰ ਨੇ ਸੰਨਿਆਸ ਤੋਂ ਬਾਅਦ ਮੋਈਨ ਖਾਨ ਅਕੈਡਮੀ ਵਿਚ ਕ੍ਰਿਕਟ ਸਿਖਾਉਣ ਦਾ ਬੀੜਾ ਚੁੱਕਿਆ। ਰਿਆਜ ਮੋਈਨ ਖਾਨ ਕ੍ਰਿਕਟ ਅਕੈਡਮੀ ਦੇ ਹੈੱਡ ਕੋਚ ਦੇ ਅਹੁਦੇ 'ਤੇ ਨਿਯੁਕਤ ਹੋਏ।
ਸਰਫਰਾਜ ਦੀ ਵੀ ਗਈ ਸੀ ਜਾਨ
ਜ਼ਿਕਰਯੋਗ ਹੈ ਕਿ ਅਪ੍ਰੈਲ ਵਿਚ ਪਾਕਿਸਤਾਨ ਦੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਸਰਫਰਾਜ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਉਹ 50 ਸਾਲ ਦੇ ਸੀ ਅਤੇ ਉਸ ਨੇ ਪੇਸ਼ਾਵਰ ਦੇ ਨਿਜੀ ਹਸਪਤਾਲ ਵਿਚ ਦਮ ਤੋੜਿਆ ਸੀ। ਸਰਫਰਾਜ ਖੱਬੇ ਹੱਥ ਦੇ ਮਿਡਲ ਆਰਡਰ ਬੱਲੇਬਾਜ਼ ਸੀ, ਜਿਸ ਨੇ 15 ਮੈਚਾਂ ਵਿਚ 616 ਦੌੜਾਂ ਬਣਾਈਆਂ।