ਰੋਹਿਤ ਤੋਂ ਬਾਅਦ ਵਿਰਾਟ ਕੋਹਲੀ ਨੇ ਟੈਸਟ ਤੋਂ ਸੰਨਿਆਸ ਲੈਣ ਦਾ ਬਣਾਇਆ ਮਨ, ਜਾਣੋ BCCI ਤੋਂ ਕੀ ਮਿਲੀ ਸਲਾਹ
Saturday, May 10, 2025 - 08:40 AM (IST)

ਸਪੋਰਟਸ ਡੈਸਕ : ਕ੍ਰਿਕਟ ਦੇ ਗਲਿਆਰਿਆਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲ ਹੀ ਵਿੱਚ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ ਹੈ ਜਿਸ ਤੋਂ ਬਾਅਦ ਉਸਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਲੋਕ ਅਜੇ ਤੱਕ ਆਪਣੇ ਪਸੰਦੀਦਾ ਕਪਤਾਨ ਦੇ ਇਸ ਫੈਸਲੇ ਤੋਂ ਉੱਭਰ ਨਹੀਂ ਸਕੇ ਹਨ ਅਤੇ ਵਿਰਾਟ ਕੋਹਲੀ ਬਾਰੇ ਵੀ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 36 ਸਾਲਾ ਬੱਲੇਬਾਜ਼ ਨੇ ਟੈਸਟ ਫਾਰਮੈਟ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਇਸ ਮੁੱਦੇ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨਾਲ ਵੀ ਗੱਲ ਕੀਤੀ ਹੈ ਪਰ ਬੀਸੀਸੀਆਈ ਦੇ ਕੁਝ ਉੱਚ ਅਧਿਕਾਰੀਆਂ ਨੇ ਇੱਕ ਵਾਰ ਫਿਰ ਉਸ ਨੂੰ ਇਸ ਫੈਸਲੇ 'ਤੇ ਸੋਚ-ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ।
'ਦਿ ਇੰਡੀਅਨ ਐਕਸਪ੍ਰੈਸ' ਦੀ ਇੱਕ ਰਿਪੋਰਟ ਅਨੁਸਾਰ, ''ਇਸ ਤਜਰਬੇਕਾਰ ਬੱਲੇਬਾਜ਼ ਨੇ ਆਪਣਾ ਮਨ ਬਣਾ ਲਿਆ ਹੈ ਅਤੇ ਇਸ ਮੁੱਦੇ 'ਤੇ ਬੋਰਡ ਨੂੰ ਵੀ ਸੂਚਿਤ ਕਰ ਦਿੱਤਾ ਹੈ ਕਿ ਉਹ ਹੁਣ ਟੈਸਟ ਕ੍ਰਿਕਟ ਤੋਂ ਅੱਗੇ ਵਧਣਾ ਚਾਹੁੰਦਾ ਹੈ।'' ਹਾਲਾਂਕਿ, ਬੀਸੀਸੀਆਈ ਦੇ ਕੁਝ ਉੱਚ ਅਧਿਕਾਰੀਆਂ ਨੇ ਉਸ ਨੂੰ ਇਸ ਮੁੱਦੇ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਕਿਉਂਕਿ ਟੀਮ ਇੰਡੀਆ ਨੇ ਜਲਦੀ ਹੀ ਇੰਗਲੈਂਡ ਦਾ ਬਹੁਤ ਮਹੱਤਵਪੂਰਨ ਦੌਰਾ ਕਰਨਾ ਹੈ।
ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਦੱਸਿਆ ਹੈ ਕਿ ਉਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਾ ਚਾਹੁੰਦਾ ਹੈ, ਪਰ ਉੱਚ ਅਧਿਕਾਰੀਆਂ ਨੇ ਉਸ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
Virat Kohli has told the Indian cricket board that he wishes to retire from Test cricket, but top officials have asked him to reconsider the decision
— 𝙒𝙧𝙤𝙜𝙣🥂 (@wrognxvirat) May 10, 2025
Source : The Indian Express pic.twitter.com/pAgwjX1BFA
ਦੱਸਣਯੋਗ ਹੈ ਕਿ ਟੀਮ ਇੰਡੀਆ ਨੇ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨਾ ਹੈ। ਜਿੱਥੇ ਪੰਜ ਮੈਚਾਂ ਦੀ ਇੱਕ ਮਹੱਤਵਪੂਰਨ ਟੈਸਟ ਲੜੀ ਖੇਡੀ ਜਾਣੀ ਹੈ। ਆਉਣ ਵਾਲੀ ਲੜੀ ਤੋਂ ਪਹਿਲਾਂ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਵਿਰਾਟ ਕੋਹਲੀ ਵੀ ਟੈਸਟ ਫਾਰਮੈਟ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦੇ ਹਨ ਤਾਂ ਟੀਮ ਲਈ ਇੰਗਲੈਂਡ ਵਰਗੀ ਸਥਿਤੀ ਵਿੱਚ ਜਿੱਤਣਾ ਬਹੁਤ ਮੁਸ਼ਕਲ ਹੋ ਜਾਵੇਗਾ।
ਵਿਰਾਟ ਕੋਹਲੀ ਦਾ ਟੈਸਟ ਕਰੀਅਰ
ਵਿਰਾਟ ਕੋਹਲੀ ਦੇ ਟੈਸਟ ਕਰੀਅਰ ਦੀ ਗੱਲ ਕਰੀਏ ਤਾਂ ਇਹ ਖ਼ਬਰ ਲਿਖੇ ਜਾਣ ਤੱਕ ਉਹ ਦੇਸ਼ ਲਈ 123 ਟੈਸਟ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਸਦੇ ਬੱਲੇ ਨੇ 210 ਪਾਰੀਆਂ ਵਿੱਚ 46.85 ਦੀ ਔਸਤ ਨਾਲ 9230 ਦੌੜਾਂ ਬਣਾਈਆਂ ਹਨ। ਕੋਹਲੀ ਦੇ ਨਾਂ ਟੈਸਟ ਕ੍ਰਿਕਟ ਵਿੱਚ ਸੱਤ ਦੋਹਰੇ ਸੈਂਕੜੇ, 30 ਸੈਂਕੜੇ ਅਤੇ 31 ਅਰਧ ਸੈਂਕੜੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8